ਚੇਨੱਈ: ਭਾਰਤੀ ਸਪਿੰਨਰ ਰਵੀਚੰਦਰਨ ਅਸ਼ਿਵਨ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਅੱਜ ਦੂਜੇ ਟੈਸਟ ਮੈਚ ਵਿਚ ਭਾਰਤ ਨੇ ਸਥਿਤੀ ਮਜ਼ਬੂਤ ਕਰ ਲਈ। ਭਾਰਤੀ ਟੀਮ ਨੇ ਮੈਚ ਦੇ ਦੂਜੇ ਦਿਨ ਇੰਗਲੈਂਡ ਦੀ ਟੀਮ ਨੂੰ ਪਹਿਲੀ ਪਾਰੀ ਵਿਚ 134 ਦੌੜਾਂ ’ਤੇ ਹੀ ਆਊਟ ਕਰ ਦਿੱਤਾ ਤੇ ਆਪ ਖੇਡ ਸਮਾਪਤ ਹੋਣ ਤਕ ਇਕ ਵਿਕਟ ਦੇ ਨੁਕਸਾਨ ਨਾਲ 54 ਦੌੜਾਂ ਬਣਾਈਆਂ। ਇਸ ਨਾਲ ਭਾਰਤ ਦੀ ਲੀਡ 249 ਦੌੜਾਂ ਦੀ ਹੋ ਚੁੱਕੀ ਹੈ ਤੇ ਉਸ ਦੀਆਂ ਨੌਂ ਵਿਕਟਾਂ ਹਾਲੇ ਸੁਰੱਖਿਅਤ ਹਨ। ਇਸ ਤੋਂ ਪਹਿਲਾਂ ਭਾਰਤੀ ਬੱਲੇਬਾਜ਼ਾਂ ਨੇ ਕੱਲ੍ਹ ਦੀਆਂ 6 ਵਿਕਟਾਂ ਦੇ ਨੁਕਸਾਨ ’ਤੇ 300 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਰਿਸ਼ਭ ਪੰਤ (58 ਨਾਬਾਦ) ਤੋਂ ਇਲਾਵਾ ਕੋਈ ਹੋਰ ਭਾਰਤੀ ਬੱਲੇਬਾਜ਼ ਕਰੀਜ਼ ’ਤੇ ਟਿਕ ਨਹੀਂ ਸਕਿਆ। ਭਾਰਤੀ ਟੀਮ 329 ਦੌੜਾਂ ਬਣਾ ਕੇ ਆਊਟ ਹੋ ਗਈ। ਉਸ ਤੋਂ ਬਾਅਦ ਅਸ਼ਿਵਨ ਦੀ ਫਿਰਕੀ ਅੱਗੇ ਇੰਗਲੈਂਡ ਦੇ ਖਿਡਾਰੀ ਚਲ ਨਹੀਂ ਸਕੇ। ਅਸ਼ਿਵਨ ਨੇ ਪੰਜ ਵਿਕਟਾਂ, ਇਸ਼ਾਂਤ ਸ਼ਰਮਾ ਤੇ ਅਕਸ਼ਰ ਪਟੇਲ ਨੇ ਦੋ-ਦੋ ਜਦਕਿ ਮੁਹੰਮਦ ਸਿਰਾਜ ਨੇ ਇਕ ਵਿਕਟ ਹਾਸਲ ਕੀਤੀ। -ਆਈਏਐੱਨਐੱਸ