ਦੁਬਈ, 27 ਅਗਸਤ
ਦੁਬਈ ਵਿੱਚ ਖੇਡੇ ਜਾ ਰਹੇ ਕ੍ਰਿਕਟ ਟੀ-20 ਏਸ਼ੀਆ ਕੱਪ ਦੇ ਪਹਿਲੇ ਮੁਕਾਬਲੇ ਵਿੱਚ ਅੱਜ ਅਫਗਾਨਿਸਤਾਨ ਨੇ ਸ੍ਰੀਲੰਕਾ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਸ੍ਰੀਲੰਕਾ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 19.4 ਓਵਰਾਂ ਵਿੱਚ 105 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਇਸ ਦੇ ਜਵਾਬ ਵਿੱਚ ਅਫਗਾਨਿਸਤਾਨ ਨੇ ਰਹਿਮਾਨ ਉੱਲ੍ਹਾ ਗੁਰਬਾਜ਼ ਦੀਆਂ 18 ਗੇਂਦਾਂ ’ਚ 40 ਦੌੜਾਂ ਦੀ ਸਹਾਇਤਾ ਨਾਲ ਜਿੱਤ ਦਾ ਟੀਚਾ 10.1 ਓਵਰਾਂ ’ਚ ਦੋ ਵਿਕਟਾਂ ਗੁਆ ਕੇ ਪੂਰਾ ਕਰ ਲਿਆ। ਅਫਗਾਨਿਸਤਾਨ ਟੀਮ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਸ੍ਰੀਲੰਕਾ ਲਈ ਭਾਨੁਕਾ ਰਾਜਪਕਸੇ ਨੇ 38 ਅਤੇ ਚਮਿਕਾ ਕਰੁਣਾਰਤਨੇ ਨੇ 31 ਦੌੜਾਂ ਦਾ ਯੋਗਦਾਨ ਦਿੱਤਾ। ਇਸੇ ਤਰ੍ਹਾਂ ਅਫਗਾਨਿਸਤਾਨ ਲਈ ਕਪਤਾਨ ਮੁਹੰਮਦ ਨਬੀ ਤੇ ਮੁਜੀਬ ਉਰ ਰਹਿਮਾਨ ਨੇ ਦੋ-ਦੋ ਵਿਕਟਾਂ ਲਈਆਂ ਜਦੋਂਕਿ ਨਵੀਨ ਉਲ ਹੱਕ ਨੇ ਇਕ ਖਿਡਾਰੀ ਨੂੰ ਆਊਟ ਕੀਤਾ। ਭਲਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੋਵੇਗਾ। -ਏਜੰਸੀ