ਦੁਬਈ: ਇਥੇ ਏਸ਼ੀਆ ਕੱਪ ਦੇ ਫਾਈਨਲ ਮੁਕਾਬਲੇ ਵਿਚ ਅੱਜ ਸ੍ਰੀਲੰਕਾ ਨੇ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਦਿੱਤਾ। ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਸ੍ਰੀਲੰਕਾ ਨੇ ਨਿਰਧਾਰਤ 20 ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ਨਾਲ 170 ਦੌੜਾਂ ਬਣਾਈਆਂ ਜਦਕਿ ਪਾਕਿਸਤਾਨ ਦੀ ਪੂਰੀ ਟੀਮ 147 ਦੌੜਾਂ ਕੇ ਹੀ ਆਊਟ ਹੋ ਗਈ। ਸ੍ਰੀਲੰਕਾ ਵਲੋਂ ਸਭ ਤੋਂ ਵਧ ਦੌੜਾਂ ਭਾਨੁਕਾ ਰਾਜਪਕਸੇ ਨੇ ਬਣਾਈਆਂ। ਉਸ ਨੇ 45 ਗੇਂਦਾਂ ’ਤੇ 71 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਤੋਂ ਇਲਾਵਾ ਹਸਰੰਗਾ ਨੇ ਸਿਰਫ 21 ਗੇਂਦਾਂ ਵਿਚ 36 ਦੌੜਾਂ ਬਣਾਈਆਂ। ਪਾਕਿਸਤਾਨ ਵਲੋਂ ਸਭ ਤੋਂ ਵਧ ਤਿੰਨ ਵਿਕਟਾਂ ਹਾਰਿਸ ਰਾਊਫ ਨੇ ਹਾਸਲ ਕੀਤੀਆਂ। ਪਾਕਿਸਤਾਨ ਨੇ ਗਿਆਰਾਂ ਖਿਡਾਰੀਆਂ ਵਿਚ ਦੋ ਬਦਲਾਅ ਕੀਤੇ। ਹਸਨ ਅਲੀ ਦੀ ਥਾਂ ਨਸੀਮ ਸ਼ਾਹ ਤੇ ਉਸਮਾਨ ਕਾਦਿਰ ਦੀ ਥਾਂ ਇਫਤਿਖਾਰ ਅਹਿਮਦ ਦੀ ਮੈਚ ਵਿਚ ਵਾਪਸੀ ਹੋਈ ਜਦਕਿ ਸ੍ਰੀਲੰਕਾ ਨੇ ਆਪਣੀ ਟੀਮ ਵਿਚ ਕੋਈ ਬਦਲਾਅ ਨਹੀਂ ਕੀਤਾ। ਏਸ਼ੀਆ ਕੱਪ ਵਿਚ ਹੁਣ ਤਕ ਪਾਕਿਸਤਾਨ ਤੇ ਸ੍ਰੀਲੰਕਾ ਨੇ 23 ਮੈਚ ਖੇਡੇ ਹਨ ਜਿਨ੍ਹਾਂ ਵਿਚੋਂ ਪਾਕਿਸਤਾਨ ਨੇ 13 ਜਦਕਿ ਸ੍ਰੀਲੰਕਾ ਨੇ 10 ਮੈਚ ਜਿੱਤੇ ਹਨ। -ਪੀਟੀਆਈ