ਦੁਬਈ: ਭਾਰਤ ਨੇ ਇਥੇ ਏਸ਼ੀਆ ਕੱਪ ਸੁਪਰ ਚਾਰ ਦੇ ਮੈਚ ਵਿੱਚ ਅਫਗਾਨਿਸਤਾਨ ਨੂੰ 101 ਦੌੜਾਂ ਨਾਲ ਹਰਾ ਦਿੱਤਾ। ਅਫਗਾਨਿਸਤਾਨ ਦੀ ਟੀਮ ਭਾਰਤ ਵੱਲੋਂ ਦਿੱਤੇ 213 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ’ਤੇ 111 ਦੌੜਾਂ ’ਤੇ ਹੀ ਢੇਰ ਹੋ ਗਈ। ਦੋਵਾਂ ਟੀਮਾਂ ਦਾ ਇਹ ਆਖਿਰੀ ਮੈਚ ਸੀ ਤੇ ਜਿੱਤ ਹਾਰ ਮਹਿਜ਼ ਰਸਮੀ ਸੀ। ਦੋਵੇਂ ਟੀਮਾਂ ਆਪਣੇ ਪਹਿਲੇ ਦੋ-ਦੋ ਮੁਕਾਬਲੇ ਹਾਰ ਕੇ ਟੂਰਨਾਮੈਂਟ ਵਿਚੋਂ ਪਹਿਲਾਂ ਹੀ ਬਾਹਰ ਹੋ ਚੁੱਕੀਆਂ ਹਨ। ਭਾਰਤ ਲਈ ਭੁਵਨੇਸ਼ਵਰ ਕੁਮਾਰ ਨੇ 4 ਓਵਰਾਂ ਵਿੱਚ 4 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਦੀਪਕ ਹੁੱਡਾ ਤੇ ਅਰਸ਼ਦੀਪ ਦੇ ਹਿੱਸੇ ਇਕ-ਇਕ ਵਿਕਟ ਆਈ। ਅਫਗਾਨਿਸਤਾਨ ਲਈ ਇਬਰਾਹਿਮ ਜ਼ਾਦਰਾਨ ਨੇ ਨਾਬਾਦ 64 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਵਿਰਾਟ ਕੋਹਲੀ ਦੀ 122 ਦੌੜਾਂ ਦੀ ਨਾਬਾਦ ਪਾਰੀ ਦੀ ਬਦੌਲਤ ਭਾਰਤ ਨੇ ਦੋ ਵਿਕਟਾਂ ਦੇ ਨੁਕਸਾਨ ਨਾਲ ਅਫਗਾਨਿਸਤਾਨ ਖ਼ਿਲਾਫ਼ 212 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆਸੀ। ਕੇਐਲ ਰਾਹੁਲ ਨੇ 62 ਤੇ ਰਿਸ਼ਭ ਪੰਤ ਨੇ ਨਾਬਾਦ 20 ਦੌੜਾਂ ਦਾ ਯੋਗਦਾਨ ਪਾਇਆ। ਵਿਰਾਟ ਕੋਹਲੀ ਦਾ ਇਹ ਕੌਮਾਂਤਰੀ ਕ੍ਰਿਕਟ ਵਿੱਚ 71ਵਾਂ ਸੈਂਕੜਾ ਹੈ। ਇਸ ਦੇ ਨਾਲ ਹੀ ਕੋਹਲੀ ਨੇ ਕੌਮਾਂਤਰੀ ਸੈਂਕੜਿਆਂ ਦੇ ਮਾਮਲੇ ਵਿੱਚ ਰਿਕੀ ਪੌਂਟਿੰਗ ਦੀ ਬਰਾਬਰੀ ਕਰ ਲਈ ਹੈ ਪਰ ਹਾਲੇ ਉਹ ਸਚਿਨ ਤੇਂਦੁਲਕਰ ਤੋਂ ਪਿੱਛੇ ਹੈ। -ਪੀਟੀਆਈ