ਸ਼ਾਰਜਾਹ, 2 ਸਤੰਬਰ
ਪਾਕਿਸਤਾਨ ਅੱਜ ਇੱਥੇ ਏਸ਼ੀਆ ਕ੍ਰਿਕਟ ਕੱਪ ਦੇ ਗਰੁੱਪ ‘ਏ’ ਮੈਚ ਵਿੱਚ ਹਾਂਗਕਾਂਗ ਨੂੰ 155 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਦੇ ਸੁਪਰ ਫੋਰ ਮੁਕਾਬਲੇ ਵਿੱਚ ਪਹੁੰਚ ਗਿਆ ਹੈ। ਹਾਂਗਕਾਂਗ ਦਾ ਕੋਈ ਵੀ ਬੱਲੇਬਾਜ਼ ਦੂਹਰੇ ਅੰਕੜੇ ਤੱਕ ਨਹੀਂ ਪਹੁੰਚ ਸਕਿਆ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਦੇ ਮਿਲੇ ਸੱਦੇ ਉੱਤੇ ਨਿਰਧਾਰਤ 20 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ 193 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ (57 ਗੇਂਦਾਂ ’ਤੇ 78 ਦੌੜਾਂ) ਅਤੇ ਫਖ਼ਰ ਜ਼ਮਾਨ (41 ਗੇਂਦਾਂ ’ਤੇ 53 ਦੌੜਾਂ) ਨੇ ਨੀਮ ਸੈਂਕੜੇ ਜੜੇ, ਜਦੋਂਕਿ ਖੁਸ਼ਦਿਲ ਸ਼ਾਹ ਨੇ 15 ਗੇਂਦਾਂ ਵਿੱਚ 35 ਦੌੜਾਂ ਬਣਾਈਆਂ। ਗੇਂਦਬਾਜ਼ ਅਹਿਸਾਨ ਖ਼ਾਨ ਨੇ ਹਾਂਗਕਾਂਗ ਲਈ ਦੋ ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਹਾਂਗਕਾਂਗ ਦੀ ਟੀਮ ਤਾਸ਼ ਦੇ ਪੱਤਿਆਂ ਵਾਂਗੂ ਖਿੰਡ ਗਈ। ਪੂਰੀ ਟੀਮ 10.4 ਓਵਰਾਂ ਵਿੱਚ 38 ਦੌੜਾਂ ’ਤੇ ਆਊਟ ਹੋ ਗਈ। ਪਾਕਿਸਤਾਨ ਵੱਲੋਂ ਸ਼ਾਦਾਬ ਨੇ ਚਾਰ, ਨਸੀਮ ਸ਼ਾਹ ਨੇ ਦੋ ਅਤੇ ਸ਼ਾਹਨਵਾਜ਼ ਦਹਾਨੀ ਨੇ ਇੱਕ ਵਿਕਟ ਲਈ। –ਏਜੰਸੀ