ਢਾਕਾ, 19 ਦਸੰਬਰ
ਮੌਜੂਦਾ ਚੈਂਪੀਅਨ ਭਾਰਤ ਨੇ ਅੱਜ ਇੱਥੇ ਏਸ਼ੀਅਨ ਚੈਂਪੀਅਨਜ਼ ਟਰਾਫੀ ਪੁਰਸ਼ ਹਾਕੀ ਟੂਰਨਾਮੈਂਟ ਦੇ ਰਾਊਂਡ-ਰੌਬਿਨ ਮੈਚ ਵਿੱਚ ਜਾਪਾਨ ਨੂੰ 6-0 ਨਾਲ ਹਰਾ ਦਿੱਤਾ। ਇਸ ਤਰ੍ਹਾਂ ਭਾਰਤੀ ਟੀਮ ਨੇ ਰਾਊਂਡ-ਰੌਬਿਨ ਗੇੜ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ। ਇੱਥੇ ਮੌਲਾਨਾ ਭਸਾਨੀ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਭਾਰਤ ਵੱਲੋਂ ਹਰਮਨਪ੍ਰੀਤ ਸਿੰਘ ਨੇ ਦੋ ਗੋਲ (ਦਸਵੇਂ ਤੇ 54ਵੇਂ ਮਿੰਟ) ਕੀਤੇ, ਜਦੋਂਕਿ ਦਿਲਪ੍ਰੀਤ ਸਿੰਘ (23ਵੇਂ), ਜਰਮਨਪ੍ਰੀਤ ਸਿੰਘ (34ਵੇਂ), ਸੁਮਿਤ (46ਵੇਂ) ਅਤੇ ਸ਼ਮਸ਼ੇਰ (54ਵੇਂ) ਨੇ ਇੱਕ-ਇੱਕ ਗੋਲ ਦਾਗ਼ਿਆ।
ਭਾਰਤ ਪਹਿਲਾਂ ਹੀ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਚੁੱਕਿਆ ਹੈ। ਪੰਜ ਦੇਸ਼ਾਂ ਦੇ ਟੂਰਨਾਮੈਂਟ ਦੇ ਰਾਊਂਡ-ਰੌਬਿਨ ਗੇੜ ਦੇ ਅਖ਼ੀਰ ਵਿੱਚ ਭਾਰਤ ਦਸ ਅੰਕ ਲੈ ਕੇ ਸੂਚੀ ਵਿੱਚ ਚੋਟੀ ’ਤੇ ਬਰਕਰਾਰ ਹੈ। ਇਸ ਤੋਂ ਬਾਅਦ ਕੋਰੀਆ (ਛੇ), ਜਾਪਾਨ (ਪੰਜ), ਪਾਕਿਸਤਾਨ (ਦੋ) ਅਤੇ ਮੇਜ਼ਬਾਨ ਬੰਗਲਾਦੇਸ਼ (ਸਿਫ਼ਰ) ਹਨ। ਇਹ ਭਾਰਤ ਦੀ ਲਗਾਤਾਰ ਤੀਸਰੀ ਜਿੱਤ ਹੈ। ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ ਕੋਰੀਆ ਨੇ ਭਾਰਤ ਨੂੰ ਬਰਾਬਰੀ ’ਤੇ ਰੋਕ ਦਿੱਤਾ ਸੀ। ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਬੰਗਲਾਦੇਸ਼ ਨੂੰ 9-0 ਨਾਲ ਹਰਾ ਕੇ ਚੀਜ਼ਾਂ ਬਦਲ ਦਿੱਤੀਆਂ। ਫਿਰ ਉਸ ਨੇ ਪਾਕਿਸਤਾਨ ਨੂੰ ਹਰਾਇਆ ਅਤੇ ਹੁਣ ਜਾਪਾਨ ਨੂੰ ਵੀ ਸ਼ਿਕਸਤ ਦੇ ਦਿੱਤੀ। ਭਾਰਤ ਦੀ ਸੈਮੀਫਾਈਨਲ ਵਿੱਚ ਟੱਕਰ ਕਿਹੜੀ ਟੀਮ ਨਾਲ ਹੋਵੇਗੀ। ਇਸ ਬਾਰੇ ਫਿਲਹਾਲ ਫ਼ੈਸਲਾ ਨਹੀਂ ਹੋਇਆ। ਇਸ ਦਬਦਬੇ ਵਾਲੀ ਜਿੱਤ ਨਾਲ ਭਾਰਤੀ ਟੀਮ ਦਾ ਕਾਫ਼ੀ ਹੌਸਲਾ ਵਧੇਗਾ ਅਤੇ ਟੀਮ ਟੂਰਨਾਮੈਂਟ ਦੇ ਅਖ਼ੀਰ ਵਿੱਚ ਆਤਮਵਿਸ਼ਵਾਸ ਨਾਲ ਭਰੀ ਹੋਵੇਗੀ। ਭਾਰਤੀ ਟੀਮ ਨੇ ਏਸ਼ਿਆਈ ਖੇਡਾਂ ਦੀ ਸੋਨ ਤਗ਼ਮਾ ਜੇਤੂ ਟੀਮ ਜਾਪਾਨ ਨੂੰ ਹਰ ਪੱਖ ਤੋਂ ਪੂਰੀ ਤਰ੍ਹਾਂ ਮਾਤ ਦਿੱਤੀ ਹੈ। -ਪੀਟੀਆਈ