ਨਵੀਂ ਦਿੱਲੀ: ਏਸ਼ਿਆਈ ਓਲੰਪਿਕ ਕੌਂਸਲ (ਓਸੀਏ) ਨੇ ਏਸ਼ਿਆਈ ਖੇਡਾਂ ਲਈ ਭਾਰਤੀ ਕੁਸ਼ਤੀ ਟੀਮ ਦੇ ਖਿਡਾਰੀਆਂ ਦੇ ਨਾਮ ਸੌਂਪਣ ਦੀ ਸਮਾਂ ਸੀਮਾ ਅੱਜ ਇੱਕ ਹਫ਼ਤੇ ਲਈ ਵਧਾ ਕੇ 22 ਜੁਲਾਈ ਕਰ ਦਿੱਤੀ ਹੈ। ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਏਸ਼ਿਆਈ ਖੇਡਾਂ ਦੇ ਪ੍ਰਬੰਧਕਾਂ ਨੂੰ ਪਹਿਲਵਾਨਾਂ ਦੇ ਨਾਮ ਭੇਜਣ ਲਈ ਸਮਾਂ ਸੀਮਾ ਪੰਜ ਅਗਸਤ ਤੱਕ ਵਧਾਉਣ ਦੀ ਅਪੀਲ ਕੀਤੀ ਸੀ। ਓਸੀਏ ਨੇ 23 ਸਤੰਬਰ ਤੋਂ ਹਾਂਗਝੋਊ ਵਿੱਚ ਸ਼ੁਰੂ ਹੋਣ ਵਾਲੀਆਂ ਖੇਡਾਂ ਲਈ ਸਾਰੇ ਹਿੱਸਾ ਲੈਣ ਵਾਲੇ ਦੇਸ਼ਾਂ ਲਈ ਖਿਡਾਰੀਆਂ ਦੇ ਨਾਮ ਭੇਜਣ ਲਈ 15 ਜੁਲਾਈ ਦੀ ਤਰੀਕ ਤੈਅ ਕੀਤੀ ਸੀ। ਆਈਓਏ ਦੀ ਪ੍ਰਧਾਨ ਪੀਟੀ ਊਸ਼ਾ, ਸੀਨੀਅਰ ਮੀਤ ਪ੍ਰਧਾਨ ਅਜੈ ਪਟੇਲ ਅਤੇ ਸੰਯੁਕਤ ਸਕੱਤਰ ਕਲਿਆਣ ਚੌਬੇ ਨੇ ਬੈਂਕਾਕ ਵਿੱਚ ਓਸੀਏ ਦੀ ਆਮ ਸਭਾ ਵਿੱਚ ਹਿੱਸਾ ਲਿਆ ਸੀ। ਇਸ ਮਗਰੋਂ ਓਸੀਏ ਨੇ ‘ਅਸਾਧਾਰਨ ਹਾਲਤਾਂ’ ਤਹਿਤ ਇੱਕ ਹਫ਼ਤੇ ਦੀ ਸਮਾਂ ਸੀਮਾ ਵਧਾਈ ਹੈ। -ਪੀਟੀਆਈ