ਨਵੀਂ ਦਿੱਲੀ, 9 ਜੁਲਾਈ
ਦੋ ਵਾਰ ਦੀ ਸੋਨ ਤਗ਼ਮਾ ਜੇਤੂ ਕੋਨੇਰੂ ਹੰਪੀ ਅਤੇ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਦਰੋਨਾਵੱਲੀ ਹਰਿਕਾ 23 ਸਤੰਬਰ ਤੋਂ ਹਾਂਗਝੇਊ ਵਿੱਚ ਸ਼ੁਰੂ ਹੋਣ ਵਾਲੀਆਂ ਏਸ਼ੀਅਨ ਗੇਮਜ਼ ਵਿੱਚ 10 ਮੈਂਬਰੀ ਭਾਰਤੀ ਸ਼ਤਰੰਜ ਟੀਮ ਦੀ ਅਗਵਾਈ ਕਰਨਗੀਆਂ। ਪੁਰਸ਼ ਵਰਗ ਵਿੱਚ ਵਿਦਿਤ ਗੁਜਰਾਤੀ ਤੇ ਅਰਜੁਨ ਇਰੀਗੇਸੀ ਅਤੇ ਮਹਿਲਾ ਵਰਗ ਵਿੱਚ ਹੰਪੀ ਅਤੇ ਹਰਿਕਾ ਵਿਅਕਤੀਗਤ ਸ਼੍ਰੇਣੀਆਂ ਵਿੱਚ ਮੁਕਾਬਲਾ ਲੜਨਗੀਆਂ। ਪੁਰਸ਼ ਟੀਮ ਵਿੱਚ ਗਰੈਂਡਮਾਸਟਰ ਡੀ ਗੁਕੇਸ਼, ਵਿਦਿਤ ਗੁਜਰਾਤੀ, ਅਰਜੁਨ ਇਰੀਗੇਸੀ, ਪੀ ਹਰੀਕ੍ਰਿਸ਼ਨਾ ਅਤੇ ਆਰ ਪ੍ਰਗਨਾਨੰਦ ਸ਼ਾਮਲ ਹਨ, ਜਦਕਿ ਮਹਿਲਾ ਟੀਮ ਵਿੱਚ ਕੋਨੇਰੂ ਹੰਪੀ, ਦਰੋਨਾਵੱਲੀ ਹਰਿਕਾ, ਆਰ ਵੈਸ਼ਾਲੀ, ਵੰਤਿਕਾ ਅਗਰਵਾਲ ਅਤੇ ਸਵਿਤਾ ਸ੍ਰੀ ਭਾਗ ਲੈਣਗੀਆਂ। ਇਹ ਸਾਰੇ ਖਿਡਾਰੀ ਹਾਲ ਹੀ ਵਿੱਚ ਗਲੋਬਲ ਸ਼ਤਰੰਜ ਲੀਗ (ਜੀਸੀਐੱਲ) ਵਿੱਚ ਮੁਸ਼ਕਲ ਚੁਣੌਤੀ ਦਾ ਸਾਹਮਣਾ ਕਰਕੇ ਪਰਤੇ ਹਨ। ਭਾਰਤੀ ਸ਼ਤਰੰਜ ਟੀਮ ਦਾ ਐਲਾਨ ਅੱਜ ਕਾਨਪੁਰ ਵਿੱਚ ਆਲ ਇੰਡੀਆ ਚੈੱਸ ਫੈਡਰੇਸ਼ਨ (ਏਆਈਸੀਐੱਫ) ਦੀ ਜਨਰਲ ਬਾਡੀ ਮੀਟਿੰਗ ਦੌਰਾਨ ਕੀਤਾ ਗਿਆ। -ਪੀਟੀਆਈ