ਹਾਂਗਜ਼ੂ (ਚੀਨ), 28 ਅਕਤੂਬਰ
ਭਾਰਤੀ ਪੈਰਾ ਅਥਲੀਟਾਂ ਨੇ ਅੱਜ ਇਥੇ ਇਤਿਹਾਸ ਸਿਰਜਦਿਆਂ ਹਾਂਗਜ਼ੂ ਪੈਰਾ ਏਸ਼ਿਆਈ ਖੇਡਾਂ ’ਚ ਆਪਣੀ ਮੁਹਿੰਮ ਦਾ ਅੰਤ 111 ਤਗ਼ਮੇ ਜਿੱਤਦਿਆਂ ਕੀਤਾ। ਇਹ ਕਿਸੇ ਵੀ ਵੱਡੇ ਕੌਮਾਂਤਰੀ ਟੂਰਨਾਮੈਂਟ ’ਚ ਭਾਰਤ ਦਾ ਸਰਵੋਤਮ ਪ੍ਰਦਰਸ਼ਨ ਹੈ। ਖੇਡਾਂ ’ਚ ਭਾਰਤੀ ਪੈਰਾ ਅਥਲੀਟਾਂ ਨੇ 29 ਸੋਨ, 31 ਚਾਂਦੀ ਅਤੇ 51 ਕਾਂਸੇ ਦੇ ਤਗ਼ਮੇ ਜਿੱਤੇ ਅਤੇ ਇਹ ਹਾਲ ਹੀ ’ਚ ਹੋਈਆਂ ਏਸ਼ਿਆਈ ਖੇਡਾਂ ’ਚ ਭਾਰਤੀ ਖਿਡਾਰੀਆਂ ਵੱਲੋਂ ਜਿੱਤੇ 107 ਤਗ਼ਮਿਆਂ ਨਾਲੋਂ ਚਾਰ ਵੱਧ ਹਨ। ਭਾਰਤ ਤਗ਼ਮਾ ਸੂਚੀ ਵਿੱਚ ਪੰਜਵੇਂ ਸਥਾਨ ਰਿਹਾ ਜੋ ਕਿ ਆਪਣੇ ਆਪ ’ਚ ਵੱਡੀ ਪ੍ਰਾਪਤੀ ਹੈ। ਖੇਡਾਂ ’ਚ ਚੀਨ 521 ਤਗ਼ਮਿਆਂ ਨਾਲ ਪਹਿਲੇ, ਇਰਾਨ (131 ਤਗ਼ਮੇ) ਦੂਜੇ, ਜਪਾਨ (150 ਤਗ਼ਮੇ) ਤੀਜੇ ਅਤੇ ਕੋਰੀਆ (103 ਤਗ਼ਮੇ) ਚੌਥੇ ਸਥਾਨ ’ਤੇ ਰਿਹਾ। ਚੀਨ ਦੇ ਗੁਆਂਗਜ਼ੂ ’ਚ 2010 ’ਚ ਪਹਿਲੀਆਂ ਪੈਰਾ ਏਸ਼ਿਆਈ ਖੇਡਾਂ ’ਚ ਭਾਰਤ 14 ਤਗ਼ਮਿਆਂ ਨਾਲ 15ਵੇਂ ਸਥਾਨ ’ਤੇ ਰਿਹਾ ਸੀ ਜਦਕਿ ਇਸ ਤੋਂ ਚਾਰ ਸਾਲਾਂ ਬਾਅਦ ਨੇ ਇਨ੍ਹਾਂ ਖੇਡਾਂ ’ਚ ਨੌਂਵਾ ਸਥਾਨ ਹਾਸਲ ਕੀਤਾ ਸੀ। ਭਾਰਤ ਨੇ ਦਿੱਲੀ ’ਚ 2010 ’ਚ ਹੋਈਆਂ ਰਾਸ਼ਟਰਮੰਡਲ ਖੇਡਾਂ ’ਚ ਪਹਿਲੀ ਵਾਰ 100 ਤੋਂ ਵੱਧ (104) ਤਗ਼ਮੇ ਜਿੱਤੇ ਸਨ।
ਭਾਰਤੀ ਪੈਰਾਲੰਪਿਕ ਕਮੇਟੀ ਪ੍ਰਧਾਨ ਦੀਪਾ ਮਲਿਕ ਨੇ ਕਿਹਾ, ‘‘ਅਸੀਂ ਇਤਿਹਾਸ ਸਿਰਜ ਦਿੱਤਾ ਹੈ। ਸਾਡੇ ਪੈਰਾ ਅਥਲੀਟਾਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਹੁਣ ਪੈਰਿਸ ਪੈਰਾਲੰਪਿਕ ’ਚ ਟੋਕੀਓ ਤੋਂ ਵੱਧ ਤਗ਼ਮੇ ਜਿੱਤਾਂਗੇ।’’
ਭਾਰਤੀ ਖਿਡਾਰੀਆਂ ਨੇ ਸਭ ਤੋਂ ਵੱਧ 55 ਤਗ਼ਮੇ ਅਥਲੈਟਿਕਸ ’ਚ ਜਿੱਤੇ ਜਦਕਿ ਬੈਡਮਿੰਟਨ ਖਿਡਾਰੀਆਂ ਨੇ ਚਾਰ ਸੋਨ ਸਣੇ 21 ਤਗ਼ਮੇ ਹਾਸਲ ਕੀਤੇ। ਸ਼ਤਰੰਜ ਵਿੱਚ ਅੱਠ, ਤੀਰਅੰਦਾਜ਼ੀ ’ਚ 7 ਜਦਕਿ ਨਿਸ਼ਾਨੇਬਾਜ਼ੀ ’ਚ 6 ਤਗ਼ਮੇ ਮਿਲੇ। ਭਾਰਤ ਖਿਡਾਰੀਆਂ ਨੇ ਅੱਜ ਆਖਰੀ ਦਿਨ 4 ਸੋਨ ਸਣੇ 12 ਤਗ਼ਮੇ ਹਾਸਲ ਕੀਤੇ। ਇਨ੍ਹਾਂ ਵਿੱਚੋਂ 7 ਸ਼ਤਰੰਜ ’ਚ, 4 ਅਥਲੈਟਿਕਸ ’ਚ ਜਦਕਿ ਇੱਕ ਰੋਇੰਗ (ਕਿਸ਼ਤੀ ਦੌੜ) ’ਚ ਮਿਲਿਆ।
ਅੱਜ ਪੁਰਸ਼ਾਂ ਦੀ 400 ਮੀਟਰ ਦੌੜ ’ਚ ਦਿਲੀਪ ਮਹਾਦੂ ਗਵਿਓਤ ਨੇ ਸੋਨ ਤਗ਼ਮਾ ਜਿੱਤਿਆ ਜਦਕਿ ਔਰਤਾਂ ਦੀ 1500 ਮੀਟਰ ਟੀ20 ਦੌੜ ’ਚ ਪੂਜਾ ਨੂੰ ਕਾਂਸੇ ਦਾ ਤਗ਼ਮਾ ਮਿਲਿਆ। ਸ਼ਤਰੰਜ ’ਚ ਪੁਰਸ਼ਾਂ ਦੇ ਵਿਅਕਤੀਗਤ ਰੈਪਿਡ ਵੀ1-ਬੀ1 ਵਰਗ ’ਚ ਹੂੰਝਾ ਫੇਰਦਿਆਂ ਸਤੀਸ਼ ਇਰਾਨੀ ਦਰਪਣ ਨੇ ਸੋਨ, ਪ੍ਰਧਾਨ ਕੁਮਾਰ ਸੌਂਦਰਯਾ ਨੇ ਚਾਂਦੀ ਅਤੇ ਅਸ਼ਵਨਿਭਾਈ ਮਕਵਾਨਾ ਨੇ ਕਾਂਸੇ ਦਾ ਤਗ਼ਮੇ ਜਿੱਤਿਆ। ਇਨ੍ਹਾਂ ਤਿੰਨਾਂ ਨੇ ਟੀਮ ਵਰਗ ’ਚ ਵੀ ਸੋਨ ਤਗ਼ਮਾ ਦੇਸ਼ ਦੀ ਝੋਲੀ ਪਾਇਆ। ਕਿਸ਼ਨ ਗਾਂਗੋਲੀ ਨੇ ਸ਼ਤਰੰਜ ਦੇ ਪੁਰਸ਼ ਵਿਅਕਤੀਗਤ ਵੀ1-ਬੀ2/ਬੀ3 ਵਰਗ ’ਚ ਕਾਂਸੇ ਦਾ ਜਦਕਿ ਗਾਂਗੋਲੀ, ਸੋਮੇਂਦਰ ਅਤੇ ਆਰੀਅਨ ਜੋਸ਼ੀ ਨੇ ਟੀਮ ਵਰਗ ’ਚ ਕਾਂਸੇ ਦਾ ਤਗ਼ਮਾ ਜਿੱਤਿਆ। ਮਹਿਲਾ ਰੈਪਿਡ ਵੀ1-ਬੀ1 ਟੀਮ ਵਰਗ ’ਚ ਵੀ.ਐੱਸ. ਜੈਨ, ਹਿਮਾਂਸ਼ੀ ਭਾਵੇਸ਼ਕੁਮਾਰ ਰਾਠੀ ਤੇ ਸੰਸਕ੍ਰਿਤੀ ਵਿਕਾਸ ਮੋਰੇ ਨੂੰ ਕਾਂਸੇ ਦਾ ਤਗ਼ਮਾ ਮਿਲਿਆ। ਰੋਇੰਗ ਦੇ ਪੀਆਰ-3 ਮਿਕਸਡ ਡਬਲ ਸਕੱਲ ਮੁਕਾਬਲੇ ’ਚ ਅਨੀਤਾ ਅਤੇ ਕੋਂਗਨਾਪੱਲੇ ਨਾਰਾਇਣ ਨੇ ਚਾਂਦੀ ਦਾ ਤਗ਼ਮਾ ਜਿੱਤਿਆ। -ਪੀਟੀਆਈ
ਸੌ ਤੋਂ ਵੱਧ ਤਗ਼ਮੇ ਜਿੱਤਣਾ ਅਹਿਮ ਮੀਲ ਪੱਥਰ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਾ ਏਸ਼ਿਆਈ ਖੇਡਾਂ ’ਚ ਭਾਰਤੀ ਪੈਰਾ ਅਥਲੀਟਾਂ ਵੱਲੋਂ 100 ਤੋਂ ਵੱਧ ਤਗ਼ਮੇ ਜਿੱਤਣ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਹ ਪ੍ਰਾਪਤੀ ਇੱਕ ‘‘ਅਹਿਮ ਮੀਲ ਪੱਥਰ’’ ਹੈ। ਮੋਦੀ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਏਸ਼ਿਆਈ ਪੈਰਾ ਖੇਡਾਂ ’ਚ 100 ਤਗ਼ਮੇ ਜਿੱਤਣਾ ਅਥਾਹ ਖੁਸ਼ੀ ਵਾਲਾ ਪਲ ਹੈ। ਇਹ ਸਫਲਤਾ ਸਾਡੇ ਅਥਲੀਟਾਂ ਦੀ ਸਖਤ ਮਿਹਨਤ ਅਤੇ ਦ੍ਰਿੜ ਇਰਾਦੇ ਦਾ ਨਤੀਜਾ ਹੈ। ਮੈਂ, ਅਥਲੀਟਾਂ ਤੇ ਕੋਚਾਂ ਦੀ ਇਸ ਪ੍ਰਦਰਸ਼ਨ ਲਈ ਸ਼ਲਾਘਾ ਕਰਦਾ ਹਾਂ।’’ ਖਿਡਾਰੀਆਂ ਦੀ ਸ਼ਲਾਘਾ ਕਰਦਿਆਂ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਇਹ ਪ੍ਰਦਰਸ਼ਨ ਸਰਕਾਰ ਦੀਆਂ ਦੂਰਅੰਦੇਸ਼ੀ ਨੀਤੀਆਂ ਅਤੇ ਖੇਡਾਂ ਪ੍ਰਤੀ ਜ਼ਮੀਨੀ ਪੱਧਰ ’ਤੇ ਧਿਆਨ ਕੇਂਦਰਤ ਕਰਨ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਦਰਸ਼ਨ ਖਿਡਾਰੀਆਂ ਦੀ ਸਖਤ ਮਿਹਨਤ ਨੂੰ ਦਰਸਾਉਂਦਾ ਹੈ।