ਮੰਗੋਲੀਆ, 24 ਅਪਰੈਲ
ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਮਾਅਰਕਾ ਮਾਰਿਆ ਹੈ। ਦੀਪਕ ਪੂਨੀਆ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ ਜਦਕਿ ਵਿੱਕੀ ਚਾਹਰ ਨੂੰ ਕਾਂਸੀ ਦਾ ਤਗਮਾ ਮਿਲਿਆ ਹੈ। ਦੀਪਕ ਪੂਨੀਆ ਕਜ਼ਾਖ਼ਸਤਾਨ ਦੇ ਅਜ਼ਮਤ ਦੌਲਤਬੈਕੋਵ ਤੋਂ ਹਾਰ ਗਿਆ ਅਤੇ ਉਸ ਨੂੰ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਚਾਂਦੀ ਦਾ ਤਗ਼ਮਾ ਮਿਲਿਆ ਜਦਕਿ ਵਿੱਕੀ ਚਾਹਰ ਨੇ ਫਰੀਸਟਾਈਲ 92 ਕਿੱਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤ ਨੇ ਮਹਾਦੀਪ ਪੱਧਰ ਦੇ ਮੁਕਾਬਲਿਆਂ ਵਿੱਚ 17 ਤਗ਼ਮੇ ਜਿੱਤੇ। ਰਵੀ ਦਹੀਆ ਇਕਮਾਤਰ ਸੋਨ ਤਗ਼ਮਾ ਜੇਤੂ ਰਿਹਾ ਜਿਸ ਨੇ ਪੁਰਸ਼ ਫਰੀਸਟਾਈਲ 57 ਕਿੱਲੋ ਵਰਗ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ। ਪਹਿਲਾ ਸੋਨ ਤਗ਼ਮਾ ਜਿੱਤਣ ਲਈ ਚੁਣੌਤੀ ਪੇਸ਼ ਕਰ ਰਹੇ ਦੀਪਕ (86 ਕਿੱਲੋ ਫਰੀਸਟਾਈਲ) ਨੇ ਬਿਨਾਂ ਕੋਈ ਅੰਕ ਗੁਆਏ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਉਸ ਨੇ ਪਹਿਲਾਂ ਇਰਾਨ ਦੇ ਮੋਹਸੇਨ ਮੀਰਯੁਸੂਫ਼ ਮੋਸਤਾਫੀ ਅਲਾਨਜ਼ਾਗ (6-0) ਅਤੇ ਫਿਰ ਕੋਰੀਆ ਦੇ ਗੁਵਾਨੁਕ ਕਿਮ (5-0) ਨੂੰ ਹਰਾਇਆ।