ਨਵੀਂ ਦਿੱਲੀ: ਤੇਜ਼ ਦੌੜਾਕ ਐੱਸ. ਧਨਲਕਸ਼ਮੀ ਅਤੇ ਟ੍ਰਿਪਲ ਜੰਪ ਖਿਡਾਰਨ ਐਸ਼ਵਰਿਆ ਬਾਬੂ ਨੂੰ ਡੋਪ ਟੈਸਟ ਵਿੱਚ ਫੇਲ੍ਹ ਹੋਣ ਕਾਰਨ ਰਾਸ਼ਟਰਮੰਡਲ ਖੇਡਾਂ ਲਈ ਜਾਣ ਵਾਲੇ ਭਾਰਤੀ ਦਲ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਦੇ ਪਾਬੰਦੀਸ਼ੁਦਾ ਦਵਾਈਆਂ ਦੇ ਦੋ ਟੈਸਟ ਪਾਜ਼ੇਟਿਵ ਆਏ ਹਨ। ਧਨਲਕਸ਼ਮੀ ਅਤੇ ਐਸ਼ਵਰਿਆ ਨੂੰ 28 ਜੁਲਾਈ ਤੋਂ 8 ਅਗਸਤ ਤੱਕ ਬਰਮਿੰਘਮ ਵਿੱਚ ਸ਼ੁਰੂ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਭਾਰਤ ਦੇ ਸ਼ੁਰੂਆਤੀ 37 ਮੈਂਬਰੀ ਦਲ ਵਿੱਚ ਸ਼ਾਮਲ ਕੀਤਾ ਗਿਆ ਸੀ। ਧਨਲਕਸ਼ਮੀ ਮੁਕਾਬਲੇ ਤੋਂ ਪਹਿਲਾਂ ਦੋ ਟੈਸਟਾਂ ਵਿੱਚ ਫੇਲ੍ਹ ਰਹੀ ਜਦਕਿ ਐਸ਼ਵਰਿਆ ਮੁਕਾਬਲੇ ਦੌਰਾਨ ਦੋ ਟੈਸਟਾਂ ਵਿੱਚ ਪਾਜ਼ੇਟਿਵ ਪਾਈ ਗਈ। ਦੋਵਾਂ ਖ਼ਿਡਾਰਨਾਂ ਦੇ ਡੋਪ ਸੈਂਪਲਾਂ ਵਿੱਚ ਕ੍ਰਮਵਾਰ ਐਨਾਬੌਲਿਕ ਸਟੀਰੌਇਡ ਅਤੇ ਓਸਟਰੇਨ ਮਿਲਿਆ ਹੈ। -ਪੀਟੀਆਈ