ਬਰਮਿੰਘਮ, 7 ਅਗਸਤ
ਐਲਡੋਸ ਪੌਲ ਦੀ ਅਗਵਾਈ ਹੇਠ ਭਾਰਤ ਨੇ ਅੱਜ ਇੱਥੇ ਰਾਸ਼ਟਰਮੰਡਲ ਖੇਡਾਂ ’ਚ ਪੁਰਸ਼ਾਂ ਦੇ ਤੀਹਰੀ ਛਾਲ (ਟ੍ਰਿੱਪਲ ਜੰਪ) ਮੁਕਾਬਲੇ ’ਚ ਪਹਿਲੀਆਂ ਦੋ ਥਾਵਾਂ ਹਾਸਲ ਕਰਕੇ ਇਤਿਹਾਸ ਰਚਿਆ ਹੈ। ਦੂਜੇ ਪਾਸੇ ਪੈਦਲ ਚਾਲ ਮੁਕਾਬਲੇ ’ਚ ਸੰਦੀਪ ਕੁਮਾਰ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਹੈ।
ਪੌਲ ਦੇ ਸੋਨ ਤਗ਼ਮੇ ਤੋਂ ਇਲਾਵਾ ਕੇਰਲਾ ਦੇ ਉਸ ਦੇ ਸਾਥੀ ਅਥਲੀਟ ਅਬਦੁੱਲ੍ਹਾ ਅਬੂਬਾਕਰ ਨੇ ਵੀ ਇਸ ਮੁਕਾਬਲੇ ’ਚ ਚਾਂਦੀ ਦਾ ਤਗ਼ਮਾ ਜਿੱਤਿਆ। ਪੌਲ ਨੇ ਤੀਜੀ ਕੋਸ਼ਿਸ਼ ’ਚ ਆਪਣੀ ਸਭ ਤੋਂ ਵਧੀਆ 17.03 ਮੀਟਰ ਦੀ ਦੂਰੀ ਤੈਅ ਕੀਤੀ। ਅਬੂਬਾਕਰ 17.02 ਮੀਟਰ ਦੀ ਕੋਸ਼ਿਸ਼ ਨਾਲ ਦੂਜੇ ਸਥਾਨ ’ਤੇ ਰਿਹਾ। ਅਬੂਬਾਕਰ ਨੇ ਆਪਣੀ ਪੰਜਵੀਂ ਕੋਸ਼ਿਸ਼ ’ਚ ਇਹ ਦੂਰੀ ਤੈਅ ਕੀਤੀ। ਭਾਰਤ ਨੇ ਰਾਸ਼ਟਰਮੰਡਲ ਖੇਡਾਂ ’ਚ ਤੀਹਰੀ ਛਾਲ ’ਚ ਹੁਣ ਤੱਕ ਚਾਰ ਤਗ਼ਮੇ ਜਿੱਤੇ ਹਨ ਪਰ ਇਹ ਪਹਿਲਾ ਮੌਕਾ ਹੈ ਜਦੋਂ ਦੇਸ਼ ਦੇ ਦੋ ਅਥਲੀਟਾਂ ਨੇ ਇਕੱਠਿਆਂ ਪੋਡੀਅਮ ’ਤੇ ਜਗ੍ਹਾ ਬਣਾਈ ਹੈ। ਮੋਹਿੰਦਰ ਸਿੰਘ ਗਿੱਲ ਨੇ 1970 ਤੇ 1974 ’ਚ ਕ੍ਰਮਵਾਰ ਕਾਂਸੀ ਤੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ ਜਦਕਿ ਰਣਜੀਤ ਮਹੇਸ਼ਵਰੀ ਤੇ ਅਰਪਿੰਦਰ ਸਿੰਘ ਨੇ 2010 ਤੇ 2014 ’ਚ ਤੀਜਾ ਸਥਾਨ ਹਾਸਲ ਕੀਤਾ ਸੀ। ਇਸੇ ਤਰ੍ਹਾਂ ਭਾਰਤ ਦੇ ਸੰਦੀਪ ਕੁਮਾਰ ਨੇ ਅੱਜ ਪੁਰਸ਼ਾਂ ਦੇ 10 ਹਜ਼ਾਰ ਮੀਟਰ ਪੈਦਲ ਚਾਲ ਮੁਕਾਬਲੇ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਸੰਦੀਪ ਨੇ 38.49.21 ਮਿੰਟ ਦਾ ਸਮਾਂ ਕੱਢਿਆ ਜਿਸ ਨਾਲ ਉਹ ਸੋਨ ਤਗ਼ਮਾ ਜੇਤੂ ਕੈਨੇਡਾ ਦੇ ਇਵਾਨ ਡਨਫੀ (38:36.37) ਅਤੇ ਚਾਂਦੀ ਦਾ ਤਗ਼ਮਾ ਜੇਤੂ ਆਸਟਰੇਲੀਆ ਦੇ ਡੈਕਲਾਨ ਟਿਨਗੇ (38:49.21) ਤੋਂ ਪਿੱਛੇ ਰਿਹਾ। ਇਸ ਮੁਕਾਬਲੇ ’ਚ ਇੱਕ ਹੋਰ ਭਾਰਤੀ ਅਮਿਤ ਖੱਤਰੀ ਸੈਸ਼ਨ ਦੇ ਆਪਣੇ ਸਭ ਤੋਂ ਬਿਹਤਰੀਨ ਸਮੇਂ 43:04.97 ਮਿੰਟ ਨਾਲ ਨੌਵੇਂ ਸਥਾਨ ’ਤੇ ਰਿਹਾ। -ਪੀਟੀਆਈ
ਜੈਵਲਿਨ: ਤਗ਼ਮਾ ਜਿੱਤਣ ਵਾਲੀ ਪਹਿਲੀ ਖਿਡਾਰਨ ਬਣੀ ਅਨੂ ਰਾਣੀ
ਅਨੂ ਰਾਣੀ ਨੇ ਅੱਜ ਇੱਥੇ ਨੇਜ਼ਾ ਸੁੱਟਣ ਦੇ ਮੁਕਾਬਲੇ ’ਚ ਕਾਂਸੀ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਹ ਇਹ ਪ੍ਰਾਪਤੀ ਕਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਖਿਡਾਰੀ ਬਣ ਗਈ ਹੈ। ਰਾਣੀ ਨੇ ਆਪਣੀ ਤੀਜੀ ਕੋਸ਼ਿਸ਼ ’ਚ 60 ਮੀਟਰ ਦੂਰ ਨੇਜ਼ਾ ਸੁੱਟ ਕੇ ਤੀਜਾ ਸਥਾਨ ਹਾਸਲ ਕੀਤਾ। ਵਿਸ਼ਵ ਚੈਂਪੀਅਨ ਆਸਟਰੇਲੀਆ ਦੀ ਕੈਲਸੇ ਲੀ ਬਾਰਬਰ ਨੇ 64.43 ਮੀਟਰ ਦੇ ਥਰੋਅ ਨਾਲ ਸੋਨ ਤਗ਼ਮਾ ਜਿੱਤਿਆ ਜਦਕਿ ਉਸ ਦੀ ਹਮਵਤਨ ਮੈਕੈਂਜੀ ਲਿਟਿਲ 64.27 ਮੀਟਰ ਦੇ ਥਰੋਅ ਨਾਲ ਦੂਜੇ ਸਥਾਨ ’ਤੇ ਰਹੀ। ਰਾਣੀ ਤੋਂ ਪਹਿਲਾਂ ਰਾਸ਼ਟਰਮੰਡਲ ਖੇਡਾਂ ’ਚ ਕਾਸ਼ੀਨਾਥ ਨਾਇਕ ਤੇ ਓਲੰਪਿਕ ਚੈਂਪੀਅਨ ਨੀਰਜ ਚੋਪੜਾ ਪੁਰਸ਼ਾਂ ਦੇ ਨੇਜ਼ਾ ਸੁੱਟਣ ਦੇ ਮੁਕਾਬਲੇ ’ਚ ਕ੍ਰਮਵਾਰ ਕਾਂਸੀ ਤੇ ਸੋਨੇ ਦਾ ਤਗ਼ਮਾ ਜਿੱਤ ਚੁੱਕੇ ਹਨ। ਨਾਇਕ ਨੇ 2010 ’ਚ ਜਦਕਿ ਚੋਪੜਾ ਨੇ 2018 ਦੀਆਂ ਰਾਸ਼ਟਰਮੰਡਲ ਖੇਡਾਂ ’ਚ ਤਗ਼ਮੇ ਜਿੱਤੇ ਸਨ।