ਪੈਰਿਸ, 6 ਸਤੰਬਰ
ਟੋਕੀਓ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਭਾਰਤ ਦੇ ਪ੍ਰਵੀਨ ਕੁਮਾਰ ਨੇ ਅੱਜ ਇੱਥੇ ਪੈਰਿਸ ਪੈਰਾਲੰਪਿਕ ਵਿੱਚ ਪੁਰਸ਼ਾਂ ਦੀ ਉੱਚੀ ਛਾਲ ਟੀ64 ਮੁਕਾਬਲੇ ਵਿੱਚ ਏਸ਼ਿਆਈ ਰਿਕਾਰਡ ਤੋੜ ਕੇ ਸੋਨ ਤਗ਼ਮਾ ਜਿੱਤਿਆ। ਛੋਟੇ ਪੈਰ ਨਾਲ ਪੈਦਾ ਹੋਏ ਨੋਇਡਾ ਦੇ ਪ੍ਰਵੀਨ (21 ਸਾਲ) ਨੇ ਛੇ ਖਿਡਾਰੀਆਂ ਵਿੱਚ 2.08 ਮੀਟਰ ਨਾਲ ਸੈਸ਼ਨ ਦੀ ਸਰਵੋਤਮ ਛਾਲ ਲਾਈ ਅਤੇ ਸਿਖਰਲਾ ਸਥਾਨ ਹਾਸਲ ਕੀਤਾ। ਅਮਰੀਕਾ ਦੇ ਡੈਰੇਕ ਲੌਕੀਡੈਂਟ ਨੇ 2.06 ਮੀਟਰ ਦੀ ਸਰਵੋਤਮ ਛਾਲ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ, ਜਦਕਿ ਉਜ਼ਬੇਕਿਸਤਾਨ ਦੇ ਟੇਮੁਰਬੇਕ ਗਿਆਜ਼ੋਵ ਨੇ ਵਿਅਕਤੀਗਤ ਸਰਵੋਤਮ 2.03 ਮੀਟਰ ਨਾਲ ਤੀਸਰਾ ਸਥਾਨ ਹਾਸਲ ਕੀਤਾ।
ਪ੍ਰਵੀਨ ਦੇ ਸੋਨ ਤਗ਼ਮੇ ਸਦਕਾ ਭਾਰਤ ਤਗ਼ਮਾ ਸੂਚੀ ਵਿੱਚ 14ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤ ਨੇ ਹੁਣ ਤੱਕ ਛੇ ਸੋਨੇ, ਨੌਂ ਚਾਂਦੀ ਅਤੇ 11 ਕਾਂਸੀ ਦੇ ਤਗ਼ਮਿਆਂ ਨਾਲ ਪੈਰਾਲੰਪਿਕ ਖੇਡਾਂ ਦੇ ਇੱਕ ਗੇੜ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਵੀ ਦਰਜ ਕੀਤਾ ਹੈ। ਭਾਰਤ ਨੇ ਪ੍ਰਵੀਨ ਦੇ ਸੋਨ ਤਗ਼ਮੇ ਸਦਕਾ ਟੋਕੀਓ ਪੈਰਾਲੰਪਿਕ ਦੇ ਸੋਨ ਤਗ਼ਮਿਆਂ ਦੀ ਸੂਚੀ ਨੂੰ ਵੀ ਪਛਾੜ ਦਿੱਤਾ ਹੈ। ਟੋਕੀਓ ਪੈਰਾਲੰਪਿਕ ਵਿੱਚ ਭਾਰਤ ਨੇ ਪੰਜ ਸੋਨੇ, ਛੇ ਚਾਂਦੀ ਅਤੇ ਅੱਠ ਕਾਂਸੀ ਦੇ ਤਗ਼ਮੇ ਜਿੱਤੇ ਸਨ। ਪ੍ਰਵੀਨ ਨੇ ਦੇਸ਼ ਲਈ ਛੇਵਾਂ ਸੋਨ ਤਗ਼ਮਾ ਜਿੱਤਿਆ ਹੈ।
ਪ੍ਰਵੀਨ ਨੇ 1.89 ਮੀਟਰ ਨਾਲ ਸ਼ੁਰੂਆਤ ਕਰਨ ਦਾ ਬਦਲ ਚੁਣਿਆ। ਆਪਣੇ ਪਹਿਲੇ ਯਤਨ ਵਿੱਚ ਉਸ ਨੇ ਸਫਲਤਾ ਹਾਸਲ ਕੀਤੀ ਅਤੇ ਸੋਨ ਤਗ਼ਮਾ ਜਿੱਤਣ ਲਈ ਸਿਖਰਲੇ ਸਥਾਨ ’ਤੇ ਕਾਇਮ ਰਿਹਾ। ਇਸ ਮਗਰੋਂ ਪ੍ਰਵੀਨ ਅਤੇ ਲੌਕੀਡੈਂਟ ਦਰਮਿਆਨ ਸਿਖਰਲੇ ਸਥਾਨ ਲਈ ਮੁੁਕਾਬਲਾ ਜਾਰੀ ਰਿਹਾ ਪਰ ਭਾਰਤੀ ਐਥਲੀਟ ਇਸ ਵਿੱਚ ਸਫਲ ਰਿਹਾ। ਵਿਸ਼ਵ ਚੈਂਪੀਅਨਸ਼ਿਪ-2023 ਦੇ ਕਾਂਸੀ ਤਗ਼ਮਾ ਜੇਤੂ ਪ੍ਰਵੀਨ ਦਾ ਵਿਅਕਤੀਗਤ ਤੌਰ ’ਤੇ ਇਹ ਸਰਵੋਤਮ ਪ੍ਰਦਰਸ਼ਨ ਵੀ ਸੀ। ਟੀ64 ਵਿੱਚ ਉਹ ਐਥਲੀਟ ਹਿੱਸਾ ਲੈਂਦੇ ਹਨ, ਜਿਨ੍ਹਾਂ ਦੇ ਇੱਕ ਪੈਰ ਦੇ ਹੇਠਲੇ ਹਿੱਸੇ ਵਿੱਚ ਮਾਮੂਲੀ ਤੌਰ ’ਤੇ ਹਿਲਜੁਲ ਘੱਟ ਹੁੰਦੀ ਹੈ ਜਾਂ ਗੋਡੇ ਦੇ ਹੇਠ ਇੱਕ ਜਾਂ ਦੋਵੇਂ ਪੈਰ ਨਹੀਂ ਹੁੰਦੇ। ਪ੍ਰਵੀਨ ਕੁਮਾਰ ਦੀ ਇਹ ਸਮੱਸਿਆ ਜਨਮ ਤੋਂ ਹੈ। ਬਚਪਨ ਵਿੱਚ ਉਹ ਹਮੇਸ਼ਾ ਆਪਣੇ ਸਾਥੀਆਂ ਨਾਲ ਤੁਲਨਾ ਕੀਤੇ ਜਾਣ ਕਾਰਨ ਹੀਣ ਭਾਵਨਾ ਨਾਲ ਜੂਝਦਾ ਰਿਹਾ ਹੈ। ਇਸ ਅਸੁਰੱਖਿਆ ਦੀ ਭਾਵਨਾ ਨਾਲ ਲੜਨ ਲਈ ਉਸ ਨੇ ਖੇਡਣਾ ਸ਼ੁਰੂ ਕੀਤਾ ਅਤੇ ਵਾਲੀਬਾਲ ਵਿੱਚ ਵੀ ਹੱਥ ਅਜਮਾਇਆ। ਹਾਲਾਂਕਿ, ਪੈਰਾਅਥਲੈਟਿਕਸ ਦੇ ਇੱਕ ਉੱਚੀ ਛਾਲ ਮੁਕਾਬਲੇ ਵਿੱਚ ਹਿੱਸਾ ਲੈਣ ਮਗਰੋਂ ਉਸ ਦੀ ਜ਼ਿੰਦਗੀ ਬਦਲ ਗਈ। ਉੱਚੀ ਛਾਲ ਵਿੱਚ ਸ਼ਰਦ ਕੁਮਾਰ ਅਤੇ ਮਰੀਅੱਪਨ ਥੰਗਾਵੇਲੂ ਮਗਰੋਂ ਤਗ਼ਮਾ ਜਿੱਤਣ ਵਾਲਾ ਉਹ ਤੀਸਰਾ ਅਥਲੀਟ ਹੈ। ਸ਼ਰਦ ਨੇ 3 ਸਤੰਬਰ ਨੂੰ ਪੁਰਸ਼ਾਂ ਦੀ ਉੱਚੀ ਛਾਲ ਟੀ63 ਵਿੱਚ ਚਾਂਦੀ ਅਤੇ ਥੰਗਾਵੇਲੂ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ
ਭਾਰਤੀ ਕੈਨੋਇੰਗ ਚਾਲਕ ਸੈਮੀਫਾਈਨਲ ਵਿੱਚ
ਭਾਰਤ ਦੀ ਪ੍ਰਾਚੀ ਯਾਦਵ ਅਤੇ ਯਸ਼ ਕੁਮਾਰ ਨੇ ਅੱਜ ਇੱਥੇ ਪੈਰਿਸ ਪੈਰਾਲੰਪਿਕ ਖੇਡਾਂ ਦੇ ਕੈਨੋਇੰਗ (ਡੌਂਗੀਚਾਲਨ) ਮੁਕਾਬਲੇ ਵਿੱਚ ਕ੍ਰਮਵਾਰ ਮਹਿਲਾਵਾਂ ਦੀ ਵੀਐੱਲ2 200 ਮੀਟਰ ਅਤੇ ਪੁਰਸ਼ਾਂ ਦੀ ਕੇਐੱਲ1 200 ਮੀਟਰ ਵਿੱਚ ਆਪੋ-ਆਪਣੀ ਹੀਟ ਵਿੱਚ ਚੌਥੇ ਅਤੇ ਛੇਵੇਂ ਸਥਾਨ ’ਤੇ ਰਹਿ ਕੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ। ਪ੍ਰਾਚੀ ਅਤੇ ਪੂਜਾ ਓਝਾ ਨੇ ਮਹਿਲਾਵਾਂ ਦੀ ਸਿੰਗਲਜ਼ 200 ਮੀਟਰ ਵੀਐੱਲ2 ਹੀਟ ਇੱਕ ਅਤੇ ਕੇਐੱਲ1 200 ਮੀਟਰ ਹੀਟ ਦੋ ਵਿੱਚ ਕ੍ਰਮਵਾਰ 1:06.83 ਅਤੇ 1:16.09 ਦਾ ਸਮਾਂ ਕੱਢਿਆ। ਯਸ਼ ਨੇ ਪੁਰਸ਼ਾਂ ਦੀ ਕੇਐੱਲ 200 ਮੀਟਰ ਹੀਟ ਵਿੱਚ 1:03.27 ਦਾ ਸਮਾਂ ਕੱਢਿਆ। ਸੈਮੀਫਾਈਨਲ ਸ਼ਨਿੱਚਰਵਾਰ ਨੂੰ ਹੋਣਗੇ। ਹਰੇਕ ਹੀਟ ਦਾ ਜੇਤੂ ਸਿੱਧਾ ਫਾਈਨਲ ਵਿੱਚ ਪਹੁੰਚਦਾ ਹੈ, ਜਦਕਿ ਬਾਕੀ ਖਿਡਾਰੀ ਸੈਮੀਫਾਈਨਲ ਵਿੱਚ ਥਾਂ ਬਣਾਉਂਦੇ ਹਨ। ਹਰੇਕ ਸੈਮੀਫਾਈਨਲ ਦੇ ਤਿੰਨ ਸਭ ਤੋਂ ਤੇਜ਼ ਸਮਾਂ ਕੱਢਣ ਵਾਲੇ ਖਿਡਾਰੀ ਫਾਈਨਲ ਵਿੱਚ ਪਹੁੰਚਦੇ ਹਨ। ਪ੍ਰਾਚੀ ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਮਹਿਲਾਵਾਂ ਦੀ ਵੀਐੱਲ2 ਮੁਕਾਬਲੇ ਦੇ ਫਾਈਨਲ ਵਿੱਚ ਅੱਠਵੇਂ ਸਥਾਨ ’ਤੇ ਰਹੀ ਸੀ।
ਸਿਮਰਨ ਮਹਿਲਾਵਾਂ ਦੇ 200 ਮੀਟਰ ਟੀ12 ਮੁਕਾਬਲੇ ਦੇ ਸੈਮੀਫਾਈਨਲ ’ਚ
ਭਾਰਤੀ ਟਰੈਕ ਐਂਡ ਫੀਲਡ ਅਥਲੀਟ ਸਿਮਰਨ ਸ਼ਰਮਾ ਨੇ ਅੱਜ ਇੱਥੇ ਪੈਰਿਸ ਪੈਰਾਲੰਪਿਕ ਖੇਡਾਂ ਦੇ ਅਥਲੈਟਿਕ ਮੁਕਾਬਲੇ ਵਿੱਚ ਮਹਿਲਾਵਾਂ ਦੇ 200 ਮੀਟਰ ਟੀ12 ਮੁਕਾਬਲੇ ’ਚ ਆਪਣੀ ਹੀਟ ਵਿੱਚ ਸਿਖ਼ਰ ’ਤੇ ਰਹਿੰਦਿਆਂ ਸੈਮੀਫਾਈਨਲ ਵਿੱਚ ਕਦਮ ਰੱਖਿਆ। ਮੌਜੂਦਾ ਵਿਸ਼ਵ ਚੈਂਪੀਅਨ ਸਿਮਨ ਨੇ 25.41 ਸੈਕਿੰਡ ਦੇ ਸਮੇਂ ਨਾਲ ਆਪਣੀ ਹੀਟ ਵਿੱਚ ਸਿਖਰਲਾ ਸਥਾਨ ਹਾਸਲ ਕਰਦਿਆਂ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ। ਨਿਯਮ ਅਨੁਸਾਰ ਹਰੇਕ ਹੀਟ ਦਾ ਜੇਤੂ ਫਾਈਨਲ ਏ ਲਈ ਕੁਆਲੀਫਾਈ ਕਰਦਾ ਹੈ। ਹਰੇਕ ਸੈਮੀਫਾਈਨਲ ਵਿੱਚ ਤਿੰਨ ਸਭ ਤੋਂ ਤੇਜ਼ ਦੌੜਾਕ ਫਾਈਨਲ ਏ ਲਈ ਕੁਆਲੀਫਾਈ ਕਰਦੇ ਹਨ।
ਪ੍ਰਵੀਨ ਨੇ ਆਪਣੀ ਜਿੱਤ ਦਾ ਸਿਹਰਾ ਕੋਚ ਨੂੰ ਦਿੱਤਾ
ਪ੍ਰਵੀਨ ਨੇ ਸੋਨ ਤਗ਼ਮਾ ਜਿੱਤਣ ਮਗਰੋਂ ਆਪਣੇ ਕੋਚ ਨੂੰ ਇਸ ਜਿੱਤ ਦਾ ਸਿਹਰਾ ਦਿੱਤਾ। ਉਨ੍ਹਾਂ ਕਿਹਾ, ‘‘ਮੈਂ ਆਪਣੀ ਸਫਲਤਾ ਦਾ ਸਿਹਰਾ ਆਪਣੇ ਕੋਚ ਸਤਪਾਲ (ਸਿੰਘ) ਸਰ, ਆਪਣੇ ਪ੍ਰਬੰਧਕਾਂ ਅਤੇ ਆਪਣੇ ਫਿਜਿਓ ਟੀਮ ਨੂੰ ਦੇਣਾ ਚਾਹੁੰਦਾ ਹਾਂ। ਜਦੋਂ ਮੈਂ ਤਿੰਨ ਮਹੀਨੇ ਪਹਿਲਾਂ ਜ਼ਖ਼ਮੀ ਹੋਇਆ ਸੀ ਤਾਂ ਉਨ੍ਹਾਂ ਨੇ ਮੇਰਾ ਪੂਰਾ ਸਾਥ ਦਿੱਤਾ। ਮੈਂ ਉਨ੍ਹਾਂ ਦੇ ਸਮਰਥਨ ਲਈ ਸ਼ੁਕਰੀਆ ਕਰਨਾ ਚਾਹੁੰਦਾ ਹਾਂ।’’ ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ ਦੇ ਗੋਵਿੰਦਗੜ੍ਹ ਪਿੰਡ ਦੇ ਵਸਨੀਕ ਪ੍ਰਵੀਨ ਨੇ ਤਿੰਨ ਸਾਲ ਪਹਿਲਾਂ ਟੋਕੀਓ ਪੈਰਾਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
ਜੈਵਲਿਨ ਥਰੋਅ ਦੇ ਫਾਈਨਲ ’ਚ ਆਖ਼ਰੀ ਸਥਾਨ ’ਤੇ ਰਿਹਾ ਦੀਪੇਸ਼
ਭਾਰਤ ਦਾ ਦੀਪੇਸ਼ ਕੁਮਾਰ ਅੱਜ ਇੱਥੇ ਪੈਰਿਸ ਪੈਰਾਲੰਪਿਕ ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਐੱਫ54 ਮੁਕਾਬਲੇ ਦੇ ਫਾਈਨਲ ਵਿੱਚ ਆਖ਼ਰੀ ਸਥਾਨ ’ਤੇ ਰਿਹਾ। ਦੀਪੇਸ਼ (19 ਸਾਲ) ਸੱਤ ਖਿਡਾਰੀਆਂ ਦੇ ਫਾਈਨਲ ਵਿੱਚ 26.11 ਮੀਟਰ ਦੇ ਸਰਵੋਤਮ ਥਰੋਅ ਨਾਲ ਹੇਠਲੇ ਸਥਾਨ ’ਤੇ ਰਿਹਾ। ਦਸੰਬਰ 2023 ਵਿੱਚ ਨਵੀਂ ਦਿੱਲੀ ਵਿੱਚ ਖੇਲੋ ਇੰਡੀਆ ਪੈਰਾ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਦੀਪੇਸ਼ ਆਪਣੇ ਮੁਕਾਬਲੇ ਵਿੱਚ ਥਰੋਅ ਕਰਨ ਵਾਲੇ ਆਖ਼ਰੀ ਅਥਲੀਟ ਸੀ ਅਤੇ ਪੋਡੀਅਮ ’ਤੇ ਪਹੁੰਚਣ ਲਈ ਉਸ ਨੂੰ 30 ਤੋਂ ਵੱਧ ਅੰਕ ਚਾਹੀਦੇ ਸੀ। ਐੱਫ54 ਵਰਗ ਵਿੱਚ ਫੀਲਡ ਮੁਕਾਬਲੇ ਵਿੱਚ ਅਥਲੀਟ ਸੀਟ ’ਤੇ ਬੈਠ ਕੇ ਹਿੱਸਾ ਲੈਂਦੇ ਹਨ।
ਸਮਾਪਤੀ ਸਮਾਰੋਹ ’ਚ ਹਰਵਿੰਦਰ ਤੇ ਪ੍ਰੀਤੀ ਹੋਣਗੇ ਭਾਰਤ ਦੇ ਝੰਡਾਬਰਦਾਰ
ਸੋਨ ਤਗ਼ਮਾ ਜੇਤੂ ਤੀਰਅੰਦਾਜ਼ ਹਰਵਿੰਦਰ ਸਿੰਘ ਅਤੇ ਪੈਰਾਲੰਪਿਕ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਫਰਾਟਾ ਦੌੜਾਕ ਪ੍ਰੀਤੀ ਪਾਲ ਪੈਰਿਸ ਖੇਡਾਂ ਦੇ ਸਮਾਪਤੀ ਸਮਾਰੋਹ ਵਿੱਚ ਭਾਰਤ ਦੇ ਝੰਡਾਬਰਦਾਰ ਹੋਣਗੇ। 33 ਸਾਲਾ ਹਰਵਿੰਦਰ ਪੈਰਾਲੰਪਿਕ ਵਿੱਚ ਸੋਨ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਤੀਰਅੰਦਾਜ਼ ਹੈ। ਉਸ ਨੇ ਟੋਕੀਓ ਵਿੱਚ 2021 ’ਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਹਰਵਿੰਦਰ ਨੇ ਕਿਹਾ, ‘‘ਭਾਰਤ ਲਈ ਸੋਨ ਤਗ਼ਮਾ ਜਿੱਤਣਾ ਸੁਫ਼ਨਾ ਸੱਚ ਹੋਣ ਵਰਗਾ ਹੈ। ਹੁਣ ਸਮਾਪਤੀ ਸਮਾਰੋਹ ਵਿੱਚ ਭਾਰਤ ਦਾ ਝੰਡਾਬਰਦਾਰ ਹੋਣਾ ਤਾਂ ਸਭ ਤੋਂ ਵੱਡਾ ਸਨਮਾਨ ਹੈ। ਇਹ ਜਿੱਤ ਉਨ੍ਹਾਂ ਸਾਰਿਆਂ ਲਈ ਹੈ, ਜਿਨ੍ਹਾਂ ਨੂੰ ਮੇਰੇ ’ਤੇ ਭਰੋਸਾ ਸੀ। ਉਮੀਦ ਹੈ ਕਿ ਮੈਂ ਕਈਆਂ ਨੂੰ ਆਪਣੇ ਸੁਫ਼ਨੇ ਪੂਰੇ ਕਰਨ ਦੀ ਪ੍ਰੇਰਨਾ ਦੇ ਸਕਾਂਗਾ।’’ ਮਹਿਲਾਵਾਂ ਦੇ ਟੀ35 100 ਅਤੇ 200 ਮੀਟਰ ਮੁਕਾਬਲੇ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ 23 ਸਾਲਾ ਪ੍ਰੀਤੀ ਨੇ ਕਿਹਾ, ‘‘ਭਾਰਤ ਦਾ ਝੰਡਾਬਰਦਾਰ ਹੋਣਾ ਸਨਮਾਨ ਵਾਲੀ ਗੱਲ ਹੈ। ਇਹ ਸਿਰਫ਼ ਮੇਰੇ ਲਈ ਨਹੀਂ ਬਲਕਿ ਔਕੜਾਂ ਨੂੰ ਪਾਰ ਕਰਕੇ ਦੇਸ਼ ਦਾ ਮਾਣ ਵਧਾਉਣ ਵਾਲੇ ਹਰ ਪੈਰਾ ਅਥਲੀਟ ਲਈ ਹੈ।’’ ਭਾਰਤੀ ਦਲ ਦੇ ਚੀਫ ਦਿ ਮਿਸ਼ਨ ਸੱਤਿਆ ਪ੍ਰਕਾਸ਼ ਸਾਂਗਵਾਨ ਨੇ ਕਿਹਾ ਕਿ ਇਨ੍ਹਾਂ ਦੋਵਾਂ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਅਗਲੀ ਪੀੜ੍ਹੀ ਨੂੰ ਪ੍ਰੇਰਨਾ ਮਿਲੇਗੀ। ਭਾਰਤ ਹੁਣ ਤੱਕ ਛੇ ਸੋਨ, ਨੌਂ ਚਾਂਦੀ ਸਣੇ 26 ਤਗ਼ਮੇ ਜਿੱਤ ਚੁੱਕਿਆ ਹੈ, ਜੋ ਪੈਰਾਲੰਪਿਕ ਵਿੱਚ ਦੇਸ਼ ਦਾ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਹੈ।