ਹੈਦਰਾਬਾਦ, 25 ਸਤੰਬਰ
ਭਾਰਤ ਨੇ ਅੱਜ ਇੱਥੇ ਆਸਟਰੇਲੀਆ ਨੂੰ ਤੀਜੇ ਤੇ ਆਖ਼ਰੀ ਮੈਚ ਵਿੱਚ ਛੇ ਵਿਕਟਾਂ ਨਾਲ ਹਰਾ ਕੇ ਤਿੰਨ ਟੀ-20 ਕੌਮਾਂਤਰੀ ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ। ਸੂਰਿਆ ਕੁਮਾਰ ਯਾਦਵ ਨੇ 69, ਵਿਰਾਟ ਕੋਹਲੀ ਨੇ 63 ਅਤੇ ਹਾਰਦਿਕ ਪਾਂਡਿਆ ਨੇ ਨਾਬਾਦ 25 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਭਾਰਤ ਨੂੰ ਸੱਤ ਵਿਕਟਾਂ ਗੁਆ ਕੇ 186 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਭਾਰਤ ਨੇ ਇੱਕ ਗੇਂਦ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਮਹਿਮਾਨ ਟੀਮ ਵੱਲੋਂ ਬੱਲੇਬਾਜ਼ ਕੈਮਰਨ ਗ੍ਰੀਨ (52) ਅਤੇ ਟਿਮ ਡੇਵਿਡ (54) ਨੇ ਅਰਧ ਸੈਂਕੜੇ ਮਾਰੇ। ਇਸ ਤੋਂ ਇਲਾਵਾ ਡੈਨੀਅਲ ਸੈਮਜ਼ ਨੇ ਨਾਬਾਦ 28 ਅਤੇ ਜੋਸ਼ ਇੰਗਲਿਸ ਨੇ 24 ਦੌੜਾਂ ਦਾ ਯੋਗਦਾਨ ਪਾਇਆ। ਭਾਰਤੀ ਟੀਮ ਲਈ ਅਕਸ਼ਰ ਪਟੇਲ ਨੇ 33 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ, ਜਦੋਂਕਿ ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ ਅਤੇ ਯੁਜ਼ਵੇਂਦਰ ਚਾਹਲ ਨੇ ਇੱਕ ਇੱਕ ਵਿਕਟ ਹਾਸਲ ਕੀਤੀ।