ਸਿਡਨੀ, 27 ਨਵੰਬਰ
ਬੱਲੇਬਾਜ਼ ਹਾਰਦਿਕ ਪਾਂਡਿਆ ਵੱਲੋਂ ਆਪਣੇ ਕਰੀਅਰ ਦੀ ਕੀਤੀ ਗਈ ਬਿਹਤਰੀਨ ਕੋਸ਼ਿਸ਼ ਦੇ ਬਾਵਜੂਦ ਭਾਰਤੀ ਕ੍ਰਿਕਟ ਟੀਮ ਅੱਜ ਇੱਥੇ ਆਸਟਰੇਲੀਆ ਤੋਂ ਪਹਿਲੇ ਇੱਕ ਰੋਜ਼ਾ ਮੈਚ ਵਿੱਚ 66 ਦੌੜਾਂ ਨਾਲ ਹਾਰ ਗਈ। ਕਪਤਾਨ ਵਿਰਾਟ ਕੋਹਲੀ ਸਣੇ ਸਟਾਰ ਬੱਲੇਬਾਜ਼ ਚੱਲ ਨਹੀਂ ਸਕੇ। ਭਾਰਤੀ ਟੀਮ ਦਾ ਗੇਂਦਬਾਜ਼ੀ ਅਤੇ ਫੀਲਡਿੰਗ ਵਿੱਚ ਵੀ ਪ੍ਰਦਰਸ਼ਨ ਖ਼ਰਾਬ ਰਿਹਾ। ਦੂਜੇ ਪਾਸੇ ਮੇਜ਼ਬਾਨ ਟੀਮ ਲਈ ਕਪਤਾਨ ਆਰੋਨ ਫਿੰਚ ਅਤੇ ਸਟੀਵ ਸਮਿੱਥ ਦੇ ਸੈਂਕੜਿਆਂ ਮਗਰੋਂ ਐਡਮ ਜ਼ੰਪਾ ਅਤੇ ਜੋਸ਼ ਹੇਜ਼ਲਵੁੱਡ ਨੇ ਸ਼ਾਨਦਾਰ ਗੇਂਦਬਾਜ਼ੀ ਕਰਕੇ ਭਾਰਤ ਨੂੰ ਪੂਰੇ ਮੈਚ ਵਿੱਚ ਖੰਘਣ ਨਹੀਂ ਦਿੱਤਾ। ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਦਰਸ਼ਕਾਂ ਨੂੰ ਸਟੇਡੀਅਮ ਤੱਕ ਖਿੱਚਣ ਵਾਲੇ ਇਸ ਮੈਚ ਵਿੱਚ ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ਪਿੱਛੇ 374 ਦੌੜਾਂ ਬਣਾਈਆਂ, ਪਰ ਭਾਰਤੀ ਟੀਮ ਇਸ ਦੇ ਜਵਾਬ ਵਿੱਚ ਅੱਠ ਵਿਕਟਾਂ ਗੁਆ ਕੇ 308 ਦੌੜਾਂ ਹੀ ਬਣਾ ਸਕੀ। ।
ਰੋਹਿਤ ਸ਼ਰਮਾ ਦੀ ਗ਼ੈਰ-ਮੌਜੂਦਗੀ ਵਿੱਚ ਪਾਰੀ ਦਾ ਆਗਾਜ਼ ਕਰਨ ਉਤਰੇ ਮਯੰਕ ਅਗਰਵਾਲ ਅਤੇ ਸ਼ਿਖਰ ਧਵਨ ਨੇ ਪੰਜ ਓਵਰਾਂ ਵਿੱਚ ਹੀ 50 ਦੌੜਾਂ ਬਣਾ ਲਈਆਂ। ਫਿਰ ਭਾਰਤ ਦੀਆਂ ਚੋਟੀ ਦੀਆਂ ਚਾਰ ਵਿਕਟਾਂ 48 ਦੌੜਾਂ ਲੈਂਦਿਆਂ ਡਿੱਗ ਗਈਆਂ। ਹਾਰਦਿਕ ਪਾਂਡਿਆ ਨੇ 76 ਗੇਂਦਾਂ ਵਿੱਚ 90 ਦੌੜਾਂ ਬਣਾਈਆਂ।
ਦੂਜੇ ਪਾਸੇ ਆਸਟਰੇਲਿਆਈ ਕਪਤਾਨ ਫਿੰਚ ਨੇ ਇੱਕ ਰੋਜ਼ਾ ਵਿੱਚ 17ਵਾਂ, ਜਦਕਿ ਸਮਿੱਥ ਨੇ ਦਸਵਾਂ ਸੈਂਕੜਾ ਜੜਿਆ। ਸਮਿੱਥ ਨੇ ਇਹ ਸੈਂਕੜਾ 62 ਗੇਂਦਾਂ ਵਿੱਚ ਪੂਰਾ ਕੀਤਾ, ਜੋ ਆਸਟਰੇਲੀਆ ਲਈ ਤੀਜਾ ਸਭ ਤੋਂ ਤੇਜ਼ ਇੱਕ ਰੋਜ਼ਾ ਸੈਂਕੜਾ ਸੀ। ਭਾਰਤੀ ਬੱਲੇਬਾਜ਼ਾਂ ਵਿੱਚੋਂ ਕਪਤਾਨ ਵਿਰਾਟ ਨੇ 21, ਸ਼੍ਰੇਅਸ ਅਈਅਰ ਨੇ ਦੋ ਅਤੇ ਉੱਪ ਕਪਤਾਨ ਕੇ ਐੱਲ ਰਾਹੁਲ ਨੇ 12 ਦੌੜਾਂ ਬਣਾਈਆਂ। ਗੇਂਦਬਾਜ਼ ਮੁਹੰਮਦ ਸ਼ਮੀ ਨੇ 59 ਦੌੜਾਂ ਦੇ ਕੇ ਤਿੰਨ, ਜਸਪ੍ਰੀਤ ਬੁਮਰਾਹ, ਨਵਦੀਪ ਸੈਣੀ ਅਤੇ ਯੁਜ਼ਵੇਂਦਰ ਚਾਹਲ ਨੇ ਇੱਕ-ਇੱਕ ਵਿਕਟ ਲਈ। -ਪੀਟੀਆਈ