ਮੈਲਬਰਨ, 27 ਜਨਵਰੀ
ਰੋਹਨ ਬੋਪੰਨਾ ਨੇ ਅੱਜ ਇੱਥੇ ਮੈਥਿਊ ਐਬਡੇਨ ਨਾਲ ਮਿਲ ਕੇ ਸਿਮੋਨ ਬੋਲੇਲੀ ਅਤੇ ਆਂਦ੍ਰਿਆ ਵਾਵਾਸੋਰੀ ਦੀ ਜੋੜੀ ’ਤੇ ਸ਼ਾਨਦਾਰ ਜਿੱਤ ਨਾਲ ਆਸਟਰੇਲਿਆਈ ਓਪਨ ਪੁਰਸ਼ ਡਬਲਜ਼ ਖਿਤਾਬ ਆਪਣੇ ਨਾਂ ਕੀਤਾ। ਇਸ ਨਾਲ ਉਹ ਗਰੈਂਡ ਸਲੈਮ ਜਿੱਤਣ ਦੀ ਵਾਲਾ ਤੀਜਾ ਭਾਰਤੀ ਖਿਡਾਰੀ ਬਣ ਗਿਆ। ਦੂਜਾ ਦਰਜਾ ਪ੍ਰਾਪਤ ਬੋਪੰਨਾ-ਐਬਡੇਨ ਦੀ ਜੋੜੀ ਨੇ ਇੱਕ ਘੰਟਾ 39 ਮਿੰਟ ਤੱਕ ਚੱਲੇ ਫਾਈਨਲ ’ਚ ਗ਼ੈਰ ਦਰਜਾ ਪ੍ਰਾਪਤ ਜੋੜੀ ’ਤੇ 7-6 (0), 7-5 ਨਾਲ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਲਿਏਂਡਰ ਪੇਸ ਅਤੇ ਮਹੇਸ਼ ਭੂਪਤੀ ਹੀ ਭਾਰਤ ਲਈ ਪੁਰਸ਼ ਟੈਨਿਸ ’ਚ ਵੱਕਾਰੀ ਖਿਤਾਬ ਜਿੱਤ ਸਕੇ ਹਨ ਜਦਕਿ ਸਾਨੀਆ ਮਿਰਜ਼ਾ ਨੇ ਮਹਿਲਾ ਟੈਨਿਸ ਵਿੱਚ ਇਹ ਪ੍ਰਾਪਤੀ ਹਾਸਲ ਕੀਤੀ ਹੈ। ਬੋਪੰਨਾ ਦਾ ਇਹ ਦੂਜਾ ਗਰੈਂਡ ਸਲੈਮ ਹੈ। ਉਸ ਨੇ 2017 ਵਿੱਚ ਕੈਨੇਡਾ ਦੀ ਗੈਬਰਿਏਲਾ ਦਾਬਰੋਵਸਕੀ ਨਾਲ ਮਿਲ ਕੇ ਫਰੈਂਚ ਓਪਨ ਮਿਕਸਡ ਡਬਲਜ਼ ਖਿਤਾਬ ਜਿੱਤਿਆ ਸੀ। ਬੋਪੰਨਾ 43 ਸਾਲ ਦੀ ਉਮਰ ਵਿੱਚ ਪੁਰਸ਼ ਟੈਨਿਸ ’ਚ ਗਰੈਂਡ ਸਲੈਮ ਚੈਂਪੀਅਨ ਬਣਨ ਵਾਲਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਵੀ ਬਣ ਗਿਆ ਹੈ। ਉਸ ਨੇ ਜੀਨ ਜੂਲੀਅਨ ਰੋਜਰ ਦਾ ਰਿਕਾਰਡ ਤੋੜਿਆ, ਜਿਸ ਨੇ 2022 ਵਿੱਚ ਮਾਰਸੇਲੋ ਅਰੇਵੋਲਾ ਨਾਲ ਮਿਲ ਕੇ ਫਰੈਂਚ ਓਪਨ ਪੁਰਸ਼ ਡਬਲਜ਼ ਟਰਾਫੀ ਜਿੱਤੀ ਸੀ। ਬੋਪੰਨਾ ਸੋਮਵਾਰ ਨੂੰ ਜਾਰੀ ਹੋਣ ਵਾਲੀ ਏਟੀਪੀ ਰੈਂਕਿੰਗ ਵਿੱਚ ਨੰਬਰ ਇੱਕ ਖਿਡਾਰੀ ਬਣ ਜਾਵੇਗਾ। ਇਸ ਤਰ੍ਹਾਂ ਉਹ 43 ਸਾਲ ਦੀ ਉਮਰ ਵਿੱਚ ਸਿਖਰਲੀ ਰੈਂਕਿੰਗ ’ਤੇ ਪਹੁੰਚਣ ਵਾਲਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਵੀ ਬਣ ਜਾਵੇਗਾ। -ਪੀਟੀਆਈ
ਪ੍ਰਧਾਨ ਮੰਤਰੀ ਵੱਲੋਂ ਬੋਪੰਨਾ ਨੂੰ ਵਧਾਈ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੋਹਨ ਬੋਪੰਨਾ ਨੂੰ ਵਧਾਈ ਦਿੱਤੀ। ਉਨ੍ਹਾਂ ਐਕਸ ’ਤੇ ਟੈਨਿਸ ਖਿਡਾਰੀ ਦੇ ਪ੍ਰਦਰਸ਼ਨ ਦੀ ਤਾਰੀਫ਼ ਕਰਦਿਆਂ ਕਿਹਾ, ‘‘ਰੋਹਨ ਬੋਪੰਨਾ ਦਾ ਵਾਰ-ਵਾਰ ਸ਼ਾਨਦਾਰ ਪ੍ਰਦਰਸ਼ਨ ਦਰਸਾਉਂਦਾ ਹੈ ਕਿ ਕਾਮਯਾਬੀ ਦੇ ਰਾਹ ਵਿੱਚ ਉਮਰ ਕੋਈ ਰੁਕਾਵਟ ਨਹੀਂ ਹੈ। ਉਸ ਨੂੰ ਇਤਿਹਾਸਕ ਆਸਟਰੇਲੀਅਨ ਓਪਨ ਖਿਤਾਬ ਜਿੱਤਣ ਲਈ ਵਧਾਈ। ਭਵਿੱਖ ਲਈ ਸ਼ੁਭਕਾਮਨਾਵਾਂ।’’ -ਪੀਟੀਆਈ