ਮੈਲਬਰਨ, 25 ਜਨਵਰੀ
ਰਿਕਾਰਡ 21ਵਾਂ ਗਰੈਂਡ ਸਲੈਮ ਜਿੱਤਣ ਦੀ ਦਹਿਲੀਜ਼ ’ਤੇ ਖੜ੍ਹੇ ਰਾਫੇਲ ਨਡਾਲ ਨੇ ਆਸਟਰਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਸਪੇਨ ਦੇ ਰਾਫੇਲ ਨਡਾਲ ਨੇ ਚਾਰ ਘੰਟੇ ਤੱਕ ਚੱਲੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਡੈਨਿਸ ਸ਼ਾਪੋਵਾਲੋਵ ਨੂੰ 6-3, 6-4, 4-6, 3-6, 6-3 ਨਾਲ ਮਾਤ ਦੇ ਕੇ ਸੈਮੀ ਫਾਈਨਲ ਵਿੱਚ ਕਦਮ ਰੱਖਿਆ, ਜਿੱਥੇ ਉਸ ਦਾ ਮੁਕਾਬਲਾ ਇਟਲੀ ਦੇ ਮਾਟਿਓ ਬੈਰੇਟਿਨੀ ਨਾਲ ਹੋਵੇਗਾ। ਨਡਾਲ, ਰੋਜਰ ਫੈਡਰਰ ਅਤੇ ਨੋਵਾਕ ਜੋਕੋਵਿਚ ਦੇ ਨਾਮ 20-20 ਪੁਰਸ਼ ਸਿੰਗਲ ਖ਼ਿਤਾਬ ਹਨ। ਫੈਡਰਰ ਅਤੇ ਜੋਕੋਵਿਚ ਇਸ ਟੂਰਨਾਮੈਂਟ ਵਿੱਚ ਨਹੀਂ ਖੇਡ ਰਹੇ ਹਨ ਅਤੇ ਨਡਾਲ ਕੋਲ ਟੂਰਨਾਮੈਂਟ ਜਿੱਤ ਕੇ ਰਿਕਾਰਡ ਬਣਾਉਣ ਦਾ ਮੌਕਾ ਹੈ। ਇਸੇ ਦੌਰਾਨ ਉੱਚ ਦਰਜਾ ਪ੍ਰਾਪਤ ਐਸ਼ਲੇ ਬਾਰਟੀ ਅਤੇ ਮੈਡੀਸਨ ਕੀਜ ਵੀ ਸੈਮੀ ਫਾਈਨਲ ’ਚ ਪਹੁੰਚ ਗਈਆਂ ਹਨ। ਕੁਆਰਟਰ ਫਾਈਨਲ ਮੁਕਾਬਲਿਆਂ ਵਿੱਚ ਐਸ਼ਲੇ ਬਾਰਟੀ ਨੇ ਜੈਸਿਕਾ ਪੇਗੁਲਾ ਨੂੰ 6-2, 6-0 ਜਦਕਿ ਮੈਡੀਸਨ ਕੀਜ ਨੇ ਫਰੈਂਚ ਓਪਨ ਚੈਂਪੀਅਨ ਬਾਰਬੋਰਾ ਕ੍ਰੇਸੀਕੋਵਾ ਨੂੰ 6-3, 6-2 ਨਾਲ ਮਾਤ ਦਿੱਤੀ। ਸੈਮੀ ਫਾਈਨਲ ਵਿੱਚ ਬਾਰਟੀ ਅਤੇ ਕੀਜ ਦਾ ਮੁਕਾਬਲਾ ਹੋਵੇਗਾ। ਦੂਜੇ ਪਾਸੇ ਭਾਰਤ ਦੀ ਸਾਨੀਆ ਮਿਰਜ਼ਾ ਆਪਣੇ ਜੋੜੀਦਾਰ ਨਾਲ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ਵਿੱਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਕੁਆਰਟਰ ਫਾਈਨਲ ਵਿੱਚ ਸਾਨੀਆ ਮਿਰਜ਼ਾ ਅਤੇ ਅਮਰੀਕਾ ਦੇ ਰਾਜੀਵ ਰਾਮ ਦੀ ਜੋੜੀ ਨੂੰ ਆਸਟਰੇਲਿਆਈ ਜੋੜੀ ਜੈਮੀ ਫੋਰਲਿਸ ਅਤੇ ਜੈਸਨ ਕੁਬਲੇਰ ਨੇ 6-4, 7-6 ਨਾਲ ਹਰਾਇਆ। -ਏਜੰਸੀਆਂ