ਪਾਲ ਸਿੰਘ ਨੌਲੀ
ਜਲੰਧਰ, 19 ਅਕਤੂਬਰ
ਬਾਬਾ ਜੀਐੱਸ ਬੋਧੀ ਹਾਕੀ ਕਲੱਬ ਵੱਲੋਂ ਸਥਾਨਕ ਲਾਇਲਪੁਰ ਖਾਲਸਾ ਕਾਲਜ ਦੇ ਐਸਟਰੋਟਰਫ ਹਾਕੀ ਮੈਦਾਨ ਵਿੱਚ ਕਰਵਾਈ ਜਾ ਰਹੀ ਚੌਥੀ ਬਾਬਾ ਜੀਐੱਸ ਬੋਧੀ ਪਰਬਲ ਟੀਐੱਮਟੀ ਸਰੀਆ ਸਿਕਸ ਏ ਸਾਈਡ ਵੈਟਰਨ ਹਾਕੀ ਲੀਗ ਦੀ ਤੀਜੀ ਲੜੀ ਤਹਿਤ ਖੇਡੇ ਗਏ ਚਾਰ ਮੈਚਾਂ ਦੌਰਾਨ ਨੈਸ਼ਨਲ ਹਾਕੀ ਕਲੱਬ ਕਪੂਰਥਲਾ, ਓਲੰਪੀਅਨ ਸੁਰਜੀਤ ਸਿੰਘ ਹਾਕੀ ਕਲੱਬ, ਓਲੰਪੀਅਨ ਜਗਦੇਵ ਸਿੰਘ ਹਾਕੀ ਕਲੱਬ ਤੇ ਓਲੰਪੀਅਨ ਅਸ਼ੋਕ ਕੁਮਾਰ ਹਾਕੀ ਕਲੱਬ ਨੇ ਜਿੱਤਾਂ ਦਰਜ ਕਰਵਾਉਂਦਿਆਂ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਇਸ ਦੌਰਾਨ ਸਖ਼ਤ ਮੁਕਾਬਲੇ ਹੋਏ। ਇਸ ਮੌਕੇ ਜੋਗਿੰਦਰ ਸਿੰਘ ਸੰਘਾ, ਗੁਰਵਿੰਦਰ ਸਿੰਘ ਬਾਜਵਾ, ਹਰਮਨਪ੍ਰਰੀਤ ਕੌਰ ਬਾਜਵਾ, ਐੱਮਬੀਡੀ ਗਰੁੱਪ ਦੇ ਜੀਐੱਮ ਜਵਾਹਰ ਲਾਲ ਸ਼ਰਮਾ ਤੇ ਸਤਬੀਰ ਸਿੰਘ ਇੰਟਰਨੈਸ਼ਨਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਅੰਤਰਰਾਸ਼ਟਰੀ ਤੇ ਟੂਰਨਾਮੈਂਟ ਡਾਇਰੈਕਟਰ ਓਲੰਪੀਅਨ ਸੰਜੀਵ ਕੁਮਾਰ ਨੇ ਦੱਸਿਆ ਕਿ ਦਿਨ ਦੇ ਪਹਿਲੇ ਮੈਚ ’ਚ ਨੈਸ਼ਨਲ ਹਾਕੀ ਕਲੱਬ ਕਪੂਰਥਲਾ ਨੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਕਲੱਬ ਨੂੰ 4-0 ਨਾਲ ਹਰਾ ਕੇ ਸੈਮੀ ਫਾਈਨਲ ਵਿਚ ਪ੍ਰਵੇਸ਼ ਕੀਤਾ। ਦੂਜੇ ਮੈਚ ਵਿੱਚ ਓਲੰਪੀਅਨ ਸੁਰਜੀਤ ਸਿੰਘ ਹਾਕੀ ਕਲੱਬ ਨੇ ਓਲੰਪੀਅਨ ਜਗਜੀਤ ਹਾਕੀ ਕਲੱਬ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ ’ਚ ਆਪਣੀ ਥਾਂ ਪੱਕੀ ਕੀਤੀ। ਤੀਜੇ ਮੈਚ ’ਚ ਓਲੰਪੀਅਨ ਜਗਦੇਵ ਸਿੰਘ ਹਾਕੀ ਕਲੱਬ ਨੇ ਓਲੰਪੀਅਨ ਮਹਿੰਦਰ ਮੁਣਸ਼ੀ ਹਾਕੀ ਕਲੱਬ ਨੂੰ 4-2 ਨਾਲ ਹਰਾ ਕੇ ਸੈਮੀਫਾਈਨਲ ’ਚ ਆਪਣੀ ਥਾਂ ਬਣਾਈ। ਆਖ਼ਰੀ ਮੈਚ ਓਲੰਪੀਅਨ ਊਧਮ ਸਿੰਘ ਹਾਕੀ ਕਲੱਬ ਤੇ ਓਲੰਪੀਅਨ ਅਸ਼ੋਕ ਕੁਮਾਰ ਹਾਕੀ ਕਲੱਬ ਵਿਚਕਾਰ 1-1 ਗੋਲਾਂ ਦੀ ਬਰਾਬਰੀ ’ਤੇ ਖਤਮ ਹੋਇਆ। ਊਧਮ ਸਿੰਘ ਹਾਕੀ ਕਲੱਬ ਲਈ ਸਰਬਤੇਜ ਸਿੰਘ ਨੇ 1 ਗੋਲ ਕੀਤਾ ਤੇ ਅਸ਼ੋਕ ਕੁਮਾਰ ਹਾਕੀ ਕਲੱਬ ਲਈ ਯੁਧਵਿੰਦਰ ਨੇ 1 ਗੋਲ ਕੀਤਾ, ਬਿਹਤਰ ਗੋਲ ਔਸਤ ਦੇ ਆਧਾਰ ’ਤੇ ਓਲੰਪੀਅਨ ਅਸ਼ੋਕ ਕੁਮਾਰ ਹਾਕੀ ਕਲੱਬ ਸੈਮੀਫਾਈਨਲ ਵਿੱਚ ਪਹੁੰਚਣ ’ਚ ਸਫਲ ਰਿਹਾ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਜੋਂ ਪਹੁੰਚੇ ਓਲੰਪੀਅਨ ਦਵਿੰਦਰ ਸਿੰਘ ਗਰਚਾ, ਸਾਹਿਬ ਸਿੰਘ ਹੁੰਦਲ ਤੇ ਹੋਰ ਹਾਜ਼ਰ ਸਨ।