ਪੱਤਰ ਪ੍ਰੇਰਕ
ਖਰੜ 16 ਮਾਰਚ
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਆਲ ਇੰਡੀਆ ਅੰਤਰ-ਜ਼ੋਨਲ ਬੈਡਮਿੰਟਨ ਤੇ ਟੇਬਲ ਟੈਨਿਸ ਚੈਂਪੀਅਨਸ਼ਿਪ ਦਾ ਅੱਜ ਸ਼ਾਨਦਾਰ ਆਗ਼ਾਜ਼ ਹੋਇਆ। ਪੰਜ ਦਿਨ ਚੱਲਣ ਵਾਲੀ ਚੈਂਪੀਅਨਸ਼ਿਪ ’ਚ ਬੈਡਮਿੰਟਨ ਅਤੇ ਟੇਬਲ ਟੈਨਿਸ ਮੁਕਾਬਲਿਆਂ ਲਈ ਉੱਤਰ, ਦੱਖਣ, ਪੂਰਬ, ਪੱਛਮ ਜ਼ੋਨਾਂ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਟੀਮਾਂ ਹਿੱਸਾ ਲੈ ਰਹੀਆਂ ਹਨ। ਚੈਂਪੀਅਨਸ਼ਿਪ ਦਾ ਉਦਘਾਟਨ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਡਾ. ਆਰ.ਐੱਸ ਬਾਵਾ ਨੇ ਕੀਤਾ। ਚੈਂਪੀਅਨਸ਼ਿਪ ਦੀ ਸ਼ੁਰੂਆਤ ਮਹਿਲਾ ਤੇ ਪੁਰਸ਼ ਵਰਗ ਦੇ ਬੈਡਮਿੰਟਨ ਲੀਗ ਮੈਚਾਂ ਦੇ ਜ਼ਬਰਦਸਤ ਮੁਕਾਬਲਿਆਂ ਨਾਲ ਹੋਈ। ਇਸ ਦੌਰਾਨ ਪੁਰਸ਼ ਵਰਗ ਦੇ ਛੇ ਮੈਚ ਕਰਵਾਏ ਗਏ, ਜਿਸ ਵਿਚ ਦੇਵੀ ਅਹਿਲਿਆ ਯੂਨੀਵਰਸਿਟੀ ਇੰਦੌਰ ਨੇ ਵੀਰ ਬਹਾਦਰ ਸਿੰਘ ਪੂਰਵਾਂਚਲ ਯੂਨੀਵਰਸਿਟੀ ਯੂਪੀ ਨੂੰ, ਜਦਕਿ ਐੱਮ ਡੀ ਯੂ ਰੋਹਤਕ ਨੇ ਕਾਲੀਕਟ ਯੂਨੀਵਰਸਿਟੀ ਨੂੰ ਕ੍ਰਮਵਾਰ 4-1 ਨਾਲ ਹਰਾਇਆ। ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਅਸਾਮ ਦੀ ਡਬਿਰੂਗੜ੍ਹ ਯੂਨੀਵਰਸਿਟੀ ਨੂੰ 3-2 ਨਾਲ, ਜੈਨ ਯੂਨੀਵਰਸਿਟੀ ਬੰਗਲੌਰ ਨੇ ਰਾਜਸਥਾਨ ਯੂਨੀਵਰਸਿਟੀ ਨੂੰ 5-0 ਨਾਲ ਹਰਾਇਆ। ਸਾਵਿਤਰੀ ਬਾਈ ਫੂਲੇ ਯੂਨੀਵਰਸਿਟੀ ਪੁਣੇ ਨੇ ਐਲ.ਐਨ ਮਿਥਿਲਾ ਯੂਨੀਵਰਸਿਟੀ ਬਿਹਾਰ ’ਤੇ 5-0 ਨਾਲ ਜਿੱਤ ਦਰਜ ਕੀਤੀ।