ਨਵੀਂ ਦਿੱਲੀ: ਕਰੋਨਾ ਕਾਰਨ ਭਾਰਤੀ ਪੈਰਾ ਬੈਡਮਿੰਟਨ ਟੀਮ ਇਸ ਵਾਰ ਸਪੈਨਿਸ਼ ਇੰਟਰਨੈਸ਼ਨਲ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਸਕੇਗੀ। ਟੂਰਨਾਮੈਂਟ 11 ਤੋਂ 16 ਮਈ ਤਕ ਹੋਣਾ ਹੈ ਪਰ ਸਪੇਨ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ 10 ਦਿਨ ਦਾ ਇਕਾਂਤਵਾਸ ਜ਼ਰੂਰੀ ਕੀਤਾ ਹੈ, ਜਿਸ ਕਾਰਨ ਭਾਰਤੀ ਖਿਡਾਰੀਆਂ ਦਾ ਟੂਰਨਾਮੈਂਟ ਵਿੱਚ ਹਿੱਸਾ ਲੈ ਸਕਣਾ ਅਸੰਭਵ ਹੈ। ਇਸ ਦਾ ਦੇਸ਼ ਦੇ ਅੱਵਲ ਦਰਜੇ ਦੇ ਖਿਡਾਰੀਆਂ ਪਰਮੋਦ ਭਗਤ ਅਤੇ ਸੁਕਾਂਤ ਕਦਮ ਨੂੰ ਵੱਡਾ ਝਟਕਾ ਲੱਗਿਆ ਹੈ। -ਪੀਟੀਆਈ