ਨਵੀਂ ਦਿੱਲੀ: ਭਾਰਤ ਨੇ ਸਪੇਨ ਵਿੱਚ ਚੱਲ ਰਹੀ ਵਿਸ਼ਵ ਜੂਨੀਅਰ ਮਿਕਸਡ ਟੀਮ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਅੱਜ ਜਰਮਨੀ ਨੂੰ 4-1 ਨਾਲ ਹਰਾ ਕੇ 13ਵਾਂ ਸਥਾਨ ਹਾਸਲ ਕੀਤਾ। 13-16 ਸਥਾਨਾਂ ਲਈ ਹੋਏ ਪੰਜ ਪਲੇਅ-ਆਫ ਮੈਚਾਂ ਦੀ ਸ਼ੁਰੂਆਤ ਸਮਰਵੀਰ ਅਤੇ ਰਾਧਿਕਾ ਸ਼ਰਮਾ ਦੀ ਜੋੜੀ ਨੇ ਜਿੱਤ ਨਾਲ ਕੀਤੀ। ਉਸ ਨੇ ਮਿਕਸਡ ਡਬਲਜ਼ ਮੁਕਾਬਲੇ ਵਿੱਚ ਜਰਮਨ ਜੋੜੀ ਨੂੰ 21-18 21-16 ਨਾਲ ਹਰਾਇਆ। ਪੁਰਸ਼ਾਂ ਦੇ ਸਿੰਗਲਜ਼ ਵਿੱਚ ਭਰਤ ਰਾਘਵ ਨੇ ਜਰਮਨੀ ਦੇ ਸੰਜੀਵੀ ਪਦਮਨਾਭਾਨ ਵਾਸੂਦੇਵਨ ਨੂੰ 14-21 21-17 21-8 ਨਾਲ ਹਰਾ ਕੇ ਲੀਡ ਦੁੱਗਣੀ ਕਰ ਦਿੱਤੀ। ਪੁਰਸ਼ ਡਬਲਜ਼ ਵਿੱਚ ਅਰਸ਼ ਮੁਹੰਮਦ ਅਤੇ ਅਭਿਨਵ ਠਾਕੁਰ ਦੀ ਜੋੜੀ ਨੇ 14-21, 22-24 ਨਾਲ ਜਿੱਤ ਹਾਸਲ ਕੀਤੀ। ਮਹਿਲਾ ਡਬਲਜ਼ ਵਿੱਚ ਸ਼੍ਰੇਆ ਬਾਲਾਜੀ ਤੇ ਸ੍ਰੀਨਿਧੀ ਨਾਰਾਇਣ ਨੇ ਜਿੱਤ ਹਾਸਲ ਕੀਤੀ। -ਪੀਟੀਆਈ
ਡੈਨਮਾਰਕ ਓਪਨ: ਪ੍ਰਣੌਏ ਨੂੰ ਹਰਾ ਕੇ ਸੇਨ ਕੁਆਰਟਰ ਫਾਈਨਲ ’ਚ
ਓਡੇਂਸੇ: ਭਾਰਤ ਦੇ ਲਕਸ਼ੈ ਸੇਨ ਨੇ ਅੱਜ ਐੱਚ.ਐੱਸ ਪ੍ਰਣੌਏ ਨੂੰ ਹਰਾ ਕੇ ਡੈਨਮਾਰਕ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਉਸ ਨੇ 13ਵੇਂ ਦਰਜੇ ਦੇ ਖਿਡਾਰੀ ਪ੍ਰਣੌਏ ਨੂੰ 21-9, 21-18 ਨਾਲ ਹਰਾਇਆ। ਇਸ ਤੋਂ ਪਹਿਲਾਂ ਪ੍ਰਣੌਏ ਅਤੇ ਸੇਨ ਦਾ ਇੱਕ-ਦੂਜੇ ਖ਼ਿਲਾਫ਼ ਜਿੱਤ ਹਾਰ ਦਾ ਰਿਕਾਰਡ 2-2 ਸੀ।