ਸ਼ੇਨਜ਼ੇਨ, 22 ਨਵੰਬਰ
ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਅਤੇ ਕਿਦਾਂਬੀ ਸ੍ਰੀਕਾਂਤ ਅੱਜ ਇੱਥੇ ਸੈਸ਼ਨ ਦੇ ਆਖ਼ਰੀ ਡਬਲਿਊਐੱਫ ਸੁਪਰ 750 ਟੂਰਨਾਮੈਂਟ ਚੀਨ ਮਾਸਟਰਜ਼ ਵਿੱਚ ਹਾਰ ਕੇ ਬਾਹਰ ਹੋ ਗਏ। ਦੁਨੀਆ ਦੇ 17ਵੇਂ ਨੰਬਰ ਦੇ ਖਿਡਾਰੀ ਸੇਨ ਨੂੰ ਚੀਨ ਦੇ ਸੱਤਵਾਂ ਦਰਜਾ ਪ੍ਰਾਪਤ ਸ਼ੀ ਯੁਕੀ ਨੇ 19-21, 18-21 ਨਾਲ ਹਰਾਇਆ, ਜਦਕਿ 24ਵੇਂ ਨੰਬਰ ਦੇ ਖਿਡਾਰੀ ਸ੍ਰੀਕਾਂਤ ਨੂੰ ਥਾਈਲੈਂਡ ਦੇ ਵਿਸ਼ਵ ਚੈਂਪੀਅਨ ਕੁਨਲਾਵੁਤ ਵਿਦਿਤਸਵਰਨ ਨੇ 15-21, 21-14, 13-21 ਨਾਲ ਹਰਾਇਆ। ਸ੍ਰੀਕਾਂਤ ਵਿਸ਼ਵ ਟੂੁਰ ’ਤੇ ਲਗਾਤਾਰ ਤੀਜੀ ਵਾਰ ਪਹਿਲੇ ਗੇੜ ’ਚ ਬਾਹਰ ਹੋ ਗਿਆ। ਉਹ ਇਸ ਸੈਸ਼ਨ ਦੌਰਾਨ ਚਾਰ ਵਾਰ ਕੁਆਰਟਰ ਫਾਈਨਲ ਵਿੱਚ ਪੁੱਜਿਆ। ਸੇਨ ਤੇ ਸ੍ਰੀਕਾਂਤ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਾਸਤੇ ਅਗਲੇ ਸਾਲ 28 ਅਪਰੈਲ ਤੱਕ ਸਿਖਰਲੇ 16 ਵਿੱਚ ਰਹਿਣ ਦੀ ਕੋਸ਼ਿਸ਼ ਵਿੱਚ ਲੱਗ ਗਏ ਹਨ। ਭਾਰਤੀ ਖਿਡਾਰੀ ਪ੍ਰਿਯਾਂਸ਼ੂ ਰਾਜਾਵਤ ਵੀ ਜਾਪਾਨ ਦੇ ਕੇਂਟਾ ਨਿਸ਼ੀਮੋਟੋ ਤੋਂ 46 ਮਿੰਟ ਤੱਕ ਚੱਲੇ ਮੁਕਾਬਲੇ ਦੌਰਾਨ 17-21, 14-21 ਨਾਲ ਹਾਰ ਗਿਆ। ਏਸ਼ਿਆਈ ਖੇਡਾਂ ਦੇ ਕਾਂਸੇ ਦਾ ਤਗ਼ਮਾ ਜੇਤੂ ਐੱਚਐੱਸ ਪ੍ਰਣੌਏ ਅਤੇ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਪੁਰਸ਼ ਡਬਲਜ਼ ਜੋੜੀ ਵੀਰਵਾਰ ਨੂੰ ਦੂਜੇ ਗੇੜ ਦਾ ਮੁਕਾਬਲਾ ਖੇਡਣਗੇ। -ਪੀਟੀਆਈ