ਕੈਲਗਰੀ, 10 ਜੁਲਾਈ
ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਨੇ ਕੈਨੇਡਾ ਓਪਨ ਦੇ ਫਾਈਨਲ ਵਿੱਚ ਚੀਨ ਦੇ ਲੀ ਸ਼ੀ ਫੇਂਗ ’ਤੇ ਸਿੱਧੀ ਖੇਡ ਵਿੱਚ ਜਿੱਤ ਦਰਜ ਕਰਕੇ ਦੂਜਾ ਵਿਸ਼ਵ ਬੈਡਮਿੰਟਨ ਫੈਡਰੇਸ਼ਨ (ਬੀਡਬਲਿਊਐੱਫ) ਸੁਪਰ 500 ਖਿਤਾਬ ਆਪਣੇ ਨਾਂ ਕਰ ਲਿਆ ਹੈ। ਇਸ 21 ਸਾਲ ਦੇ ਖਿਡਾਰੀ ਨੇ 2022 ਇੰਡੀਆ ਓਪਨ ਵਿੱਚ ਆਪਣਾ ਪਹਿਲਾ ਸੁਪਰ 500 ਖਿਤਾਬ ਜਿੱਤਿਆ ਸੀ। ਸੇਨ ਨੇ ਐਤਵਾਰ ਨੂੰ ਇੱਥੇ ਫਾਈਨਲ ਵਿੱਚ ਮੌਜੂਦਾ ਆਲ ਇੰਗਲੈਂਡ ਫੇਂਗ ਨੂੰ 21-18, 22-20 ਨਾਲ ਹਰਾਇਆ। ਇਸ ਸ਼ਾਨਦਾਰ ਜਿੱਤ ਮਗਰੋਂ ਗੱਲਬਾਤ ਕਰਦਿਆਂ ਸੇਨ ਨੇ ਕਿਹਾ, ‘‘ਓਲੰਪਿਕ ਕੁਆਲੀਫਿਕੇਸ਼ਨ ਸਾਲ ਵਿੱਚ ਇਹ ਮੁਕਾਬਲਾ ਚੁਣੌਤੀ ਭਰਿਆ ਸੀ ਕਿਉਂਕਿ ਚੀਜ਼ਾਂ ਮੇਰੇ ਹਿਸਾਬ ਨਾਲ ਨਹੀਂ ਸਨ। ਇੱਥੇ ਹਾਲਾਤ ਵੱਖਰੇ ਸੀ ਅਤੇ ਇਨ੍ਹਾਂ ਦਾ ਆਦੀ ਹੋਣਾ ਮਹੱਤਵਪੂਰਨ ਸੀ।’’ ਸੇਨ ਨੇ ਕਿਹਾ, ‘‘ਮੈਂ ਆਪਣੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਾਂ।’’ ਪਿਛਲੇ ਸਾਲ ਅਗਸਤ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਮਗਰੋਂ ਸੇਨ ਦਾ ਇਹ ਪਹਿਲਾ ਖਿਤਾਬ ਸੀ। ਉਹ ਇਸ ਸਾਲ ਸਿੰਗਲਜ਼ ਚੈਂਪੀਅਨ ਬਣਨ ਵਾਲਾ ਦੇਸ਼ ਦਾ ਦੂਜਾ ਖਿਡਾਰੀ ਹੈ। ਇਸ ਤੋਂ ਪਹਿਲਾਂ ਮਈ ਵਿੱਚ ਐੱਚ. ਪ੍ਰਣੌਏ ਨੇ ਮਲੇਸ਼ੀਆ ਮਾਸਟਰਜ਼ ਵਿੱਚ ਜਿੱਤ ਦਰਜ ਕੀਤੀ ਸੀ। ਸੇਨ ਨੇ ਇਸ ਮੁਕਾਬਲੇ ਵਿੱਚ ਆਪਣੇ ਮਜ਼ਬੂਤ ਇਰਾਦੇ ਦੀ ਮਿਸਾਲ ਦਿੰਦਿਆਂ ਦੂਜੀ ਗੇਮ ਵਿੱਚ ਚਾਰ ਗੇਮ ਪੁਆਇੰਟ ਬਚਾ ਕੇ ਚੈਂਪੀਅਨਸ਼ਿਪ ਪੁਆਇੰਟ ਆਪਣੇ ਨਾਂ ਕੀਤਾ। ਉਹ ਜ਼ੋਰਦਾਰ ਸਪੈਮ ਲਗਾ ਕੇ ਚੈਂਪੀਅਨਸ਼ਿਪ ਅੰਕ ਹਾਸਲ ਕਰਨ ਮਗਰੋਂ ਖੁਸ਼ੀ ’ਚ ਖੀਵਾ ਹੁੰਦਿਆ ਕੋਰਟ ’ਤੇ ਲੰਮਾ ਪੈ ਗਿਆ। -ਪੀਟੀਆਈ