ਕਾਊਂਸਿਲ ਬਲੱਫਸ (ਅਮਰੀਕਾ), 12 ਜੁਲਾਈ
ਵਿਸ਼ਵ ਜੂਨੀਅਰ ਚੈਂਪੀਂਨਸ਼ਿਪ ਵਿੱਚ ਚਾਂਦੀ ਦਾ ਤਗਮਾ ਜੇਤੂ ਸ਼ੰਕਰ ਮੁਥੂਸਾਮੀ ਨੇ ਇੱਥੇ ਦੋ ਜਿੱਤਾਂ ਹਾਸਲ ਕਰ ਕੇ ਯੂਐੱਸ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਵਰਗ ਦੇ ਮੁੱਖ ਡਰਾਅ ਵਿੱਚ ਜਗ੍ਹਾ ਬਣਾ ਲਈ ਹੈ। ਚੇਨੱਈ ਦੇ 19 ਸਾਲਾ ਸ਼ੰਕਰ ਨੇ ਮੰਗਲਵਾਰ ਰਾਤ ਨੂੰ ਬ੍ਰਾਜ਼ੀਲ ਦੇ ਡੇਵੀ ਸਿਲਵਾ ਨੂੰ 21-17, 21-11 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ ਅਤੇ ਮਗਰੋਂ ਕੈਨੇਡਾ ਦੇ ਬੀਆਰ ਸੰਕੀਰਤ ਨੂੰ 21-11, 21-17 ਨਾਲ ਮਾਤ ਦਿੱਤੀ। ਸੀਨੀਅਰ ਸਰਕਟ ’ਚ ਆਪਣਾ ਪਹਿਲਾ ਸੀਜ਼ਨ ਖੇਡ ਰਿਹਾ ਵਿਸ਼ਵ ਦਾ 80ਵੇਂ ਨੰਬਰ ਦਾ ਖਿਡਾਰੀ ਸ਼ੰਕਰ ਮੁੱਖ ਡਰਾਅ ਦੇ ਪਹਿਲੇ ਗੇੜ ਵਿੱਚ ਆਇਰਲੈਂਡ ਦੇ ਨਹਾਟ ਨਗੁਏਨ ਨਾਲ ਭਿੜੇਗਾ। ਇਸ ਦੌਰਾਨ ਰਾਸ਼ਟਰਮੰਡਲ ਖੇਡਾਂ ਦਾ ਸਾਬਕਾ ਚੈਂਪੀਅਨ ਪਾਰੂਪੱਲੀ ਕਸ਼ਯਪ ਜਾਪਾਨ ਦੇ ਕੂ ਤਾਕਾਹਾਸ਼ੀ ਖ਼ਿਲਾਫ਼ ਦੂਜੇ ਗੇੜ ਦੇ ਮੈਚ ’ਚੋਂ ਅੱਧ ਵਿਚਾਲੇ ਹੀ ਹਟ ਗਿਆ। ਜਦੋਂ ਉਸ ਨੇ ਹਟਣ ਦਾ ਫ਼ੈਸਲਾ ਕੀਤਾ ਉਸ ਵੇਲੇ ਉਹ 21-23 7-11 ਨਾਲ ਪਿੱਛੇ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਉਸ ਨੇ ਪਹਿਲੇ ਗੇੜ ਵਿੱਚ ਇੰਗਲੈਂਡ ਦੇ ਰੋਹਨ ਮਿੱਢਾ ਨੂੰ 21-19, 21-17 ਨਾਲ ਹਰਾਇਆ ਸੀ। ਉਧਰ ਕ੍ਰਿਸ਼ਨਾ ਪ੍ਰਸਾਦ ਅਤੇ ਵਿਸ਼ਨੂਵਰਧਨ ਗੌੜ ਪੰਜਾਲਾ ਦੀ ਪੁਰਸ਼ ਡਬਲਜ਼ ਜੋੜੀ ਨੂੰ ਮੁੱਖ ਡਰਾਅ ਦੇ ਪਹਿਲੇ ਗੇੜ ਵਿੱਚ ਚੀਨੀ ਤਾਇਪੇ ਦੇ ਲਿਨ ਯੂ ਚੀਹ ਅਤੇ ਸੂ ਲੀ ਵੇਈ ਤੋਂ 14-21, 14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ