ਸ਼ੇਨਜ਼ੇਨ (ਚੀਨ), 20 ਨਵੰਬਰ
ਭਾਰਤ ਦੇ ਸਟਾਰ ਸ਼ਟਲਰ ਪੀਵੀ ਸਿੰਧੂ, ਲਕਸ਼ੈ ਸੇਨ ਅਤੇ ਲੈਅ ਵਿੱਚ ਚੱਲ ਰਹੀ ਮਾਲਵਿਕਾ ਬੰਸੋਦ ਨੇ ਅੱਜ ਇੱਥੇ ਆਪੋ-ਆਪਣੇ ਮੈਚ ਜਿੱਤ ਕੇ ਚੀਨ ਮਾਸਟਰਜ਼ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਮਹਿਲਾ ਸਿੰਗਲਜ਼ ਵਰਗ ਵਿੱਚ ਸਿੰਧੂ ਨੇ 50 ਮਿੰਟ ਤੱਕ ਚੱਲੇ ਪਹਿਲੇ ਗੇੜ ਦੇ ਮੈਚ ਵਿੱਚ ਥਾਈਲੈਂਡ ਦੀ ਬੁਸਾਨਨ ਓਂਗਬਾਮਰੁੰਗਫਾਨ ਨੂੰ 21-17, 21-19 ਨਾਲ ਹਰਾਇਆ। ਇਸੇ ਤਰ੍ਹਾਂ 36ਵੇਂ ਦਰਜੇ ਵਾਲੀ ਮਾਲਵਿਕਾ ਨੇ ਡੈਨਮਾਰਕ ਦੀ 21ਵੇਂ ਦਰਜੇ ਦੀ ਲਿਨੇ ਹੋਜਮਾਰਕ ਜਾਏਰਸਫੇਲਟ ਨੂੰ 20-22, 23-21, 21-16 ਨਾਲ ਮਾਤ ਦਿੱਤੀ। ਪੁਰਸ਼ ਵਰਗ ਵਿੱਚ ਲਕਸ਼ੈ ਨੇ ਸੱਤਵਾਂ ਦਰਜਾ ਪ੍ਰਾਪਤ ਮਲੇਸ਼ੀਆ ਦੇ ਲੀ ਜ਼ੀ ਜੀਆ ਨੂੰ 57 ਮਿੰਟ ਵਿੱਚ 21-14, 13-21, 21-13 ਨਾਲ ਹਰਾਇਆ। ਪੈਰਿਸ ਓਲੰਪਿਕ ਦੇ ਕਾਂਸੇ ਦੇ ਤਗ਼ਮੇ ਦੇ ਮੈਚ ਵਿੱਚ ਲਕਸ਼ੈ ਨੂੰ ਲੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਗਲੇ ਗੇੜ ਵਿੱਚ ਲਕਸ਼ੈ ਦਾ ਸਾਹਮਣਾ ਡੈਨਮਾਰਕ ਦੇ ਰਾਸਮੁਸ ਗੇਮਕੇ ਅਤੇ ਜਪਾਨ ਦੇ ਕੇਂਤਾ ਨਿਸ਼ੀਮੋਤੋ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।
ਲਕਸ਼ੈ ਨੇ ਪੈਰਿਸ ਵਿੱਚ ਹਾਰ ਤੋਂ ਬਾਅਦ ਆਪਣੇ ਪਹਿਲੇ ਮੁਕਾਬਲੇ ਦੀ ਪਹਿਲੀ ਗੇਮ 21-14 ਨਾਲ ਜਿੱਤੀ। ਲੀ ਨੇ ਵਾਪਸੀ ਕਰਦਿਆਂ ਦੂਜੀ ਗੇਮ ਆਪਣੇ ਨਾਮ ਕੀਤੀ। ਫੈਸਲਾਕੁਨ ਗੇਮ ਦੇ ਸ਼ੁਰੂ ਵਿੱਚ ਲਕਸ਼ੈ ਨੇ ਲੀ ’ਤੇ ਦਬਾਅ ਬਣਾਇਆ। ਅਖੀਰ ਲਕਸ਼ੈ ਨੇ 18-11 ਨਾਲ ਮੁਕਾਬਲਾ ਜਿੱਤ ਲਿਆ। -ਪੀਟੀਆਈ