ਬਰਮਿੰਘਮ, 4 ਅਗਸਤ
ਭਾਰਤ ਦੀ ਸਿਖਰਲੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਤੇ ਕਿਦਾਂਬੀ ਸ੍ਰੀਕਾਂਤ ਨੇ ਅੱਜ ਇੱਥੇ ਅਸਾਨ ਜਿੱਤ ਦਰਜ ਕਰਕੇ ਆਪੋ-ਆਪਣੇ ਸਿੰਗਲਜ਼ ਮੁਕਾਬਲੇ ਦੇ ਪ੍ਰੀ-ਕੁਆਰਟਰ ਫਾਈਨਲ ’ਚ ਪ੍ਰਵੇਸ਼ ਕਰ ਲਿਆ ਹੈ।
ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਸਿੰਧੂ ਨੇ ਗੇੜ-32 ਦੇ ਮੁਕਾਬਲੇ ’ਚ ਮਾਲਦੀਵ ਦੀ ਫਾਮਿਮਾ ਨਬਾਹਾ ਅਬਦੁਲ ਰੱਜ਼ਾਕ ਨੂੰ ਸਿਰਫ਼ 21 ਮਿੰਟ ’ਚ 24-4, 21-11 ਨਾਲ ਹਰਾਇਆ ਜਦਕਿ ਪੁਰਸ਼ ਸਿੰਗਲਜ਼ ਮੁਕਾਬਲੇ ’ਚ ਸ੍ਰੀਕਾਂਤ ਨੇ ਯੁਗਾਂਡਾ ਦੇ ਡੈਨੀਅਲ ਵਾਨਾਗਾਲੀਆ ਨੂੰ 21-9, 21-9 ਨਾਲ ਮਾਤ ਦਿੱਤੀ। ਪਹਿਲਾਂ ਕੋਰਟ ’ਚ ਉੱਤਰੀ ਪਿਛਲੇ ਗੇੜ ਦੀ ਚਾਂਦੀ ਦਾ ਤਗ਼ਮਾ ਜੇਤੂ ਸਿੰਧੂ ਨੂੰ ਮੁਕਾਬਲੇ ’ਚ ਜ਼ਰਾ ਵੀ ਪਸੀਨਾ ਨਹੀਂ ਵਹਾਉਣਾ ਪਿਆ ਜਦਕਿ ਫਾਤਿਮਾ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਹਿਲੀ ਗੇਮ ’ਚ ਸਿੰਧੂ ਨੇ ਹਮਲਾਵਰ ਹੋਏ ਬਿਨਾਂ ਹੀ ਮਾਲਦੀਪ ਦੀ ਖਿਡਾਰਨ ਨੂੰ ਪਛਾੜ ਦਿੱਤਾ ਜਿਸ ’ਚ ਉਸ ਨੂੰ ਅੰਕ ਹਾਸਲ ਕਰਨ ਲਈ ਡਰਾਪ ਸ਼ਾਟਸ ਦੀ ਵਰਤੋਂ ਕੀਤੀ। ਦੂਜੀ ਗੇਮ ’ਚ ਫਾਤਿਮਾ ਨੇ ਸ਼ੁਰੂ ’ਚ ਥੋੜੀ ਚੁਣੌਤੀ ਪੇਸ਼ ਕੀਤੀ ਅਤੇ ਉਹ ਸਿੰਧੂ ਨਾਲ 9-9 ਬਰਾਬਰ ’ਤੇ ਸੀ ਕਿਉਂਕਿ ਭਾਰਤੀ ਖਿਡਾਰੀ ਨੇ ਸਹਿਜ ਗਲਤੀਆਂ ਨਾਲ ਅੰਕ ਦੇ ਦਿੱਤੇ ਸਨ। ਫਿਰ ਸਿੰਧੂ ਨੇ ਬਰੇਕ ਤੱਕ 11-9 ਦੀ ਲੀਡ ਹਾਸਲ ਕਰ ਲਈ ਸੀ। ਇਸ ਮਗਰੋਂ ਉਸ ਨੇ ਅਰਾਮ ਨਾਲ ਅੰਕ ਹਾਸਲ ਕਰਕੇ ਆਖਰੀ 16 ’ਚ ਥਾਂ ਬਣਾਈ ਜਦਕਿ ਵਿਰੋਧੀ ਖਿਡਾਰਨ ਸਿਰਫ਼ ਦੋ ਅੰਕ ਹੀ ਬਣਾ ਸਕੀ। ਮਿਕਸਡ ਡਬਲਜ਼ ਮੁਕਾਬਲੇ ਦੇ ਫਾਈਨਲ ’ਚ ਹਾਰਨ ਮਗਰੋਂ ਸ੍ਰੀਕਾਂਤ ਕਾਫੀ ਨਿਰਾਸ਼ ਸੀ ਪਰ ਦੁਨੀਆ ਦੇ 13ਵੇਂ ਨੰਬਰ ਨੇ ਖਿਡਾਰੀ ਨੇ ਅੱਜ ਕਰਾਸ ਕੋਰਟ ਕੋਣ ਲੈਂਦੇ ਹੋਏ ਡਰਾਪ ਸ਼ਾਟਸ ਦੀ ਬਦੌਲਤ ਅੰਕ ਹਾਸਲ ਕੀਤੇ। -ਪੀਟੀਆਈ