ਟੋਕੀਓ, 28 ਜੁਲਾਈ
ਮੌਜੂਦਾ ਵਿਸ਼ਵ ਚੈਂਪੀਅਨ ਭਾਰਤ ਦੀ ਸਟਾਰ ਸ਼ਟਲਰ ਪੀ.ਵੀ. ਸਿੰਧੂ ਅੱਜ ਹਾਂਗਕਾਂਗ ਦੀ ਐੱਨ.ਵਾਈ. ਚਿਉਂਗ ਨੂੰ ਸਿੱਧੇ ਗੇਮਾਂ ਵਿੱਚ ਹਰਾ ਕੇ ਟੋਕੀਓ ਓਲੰਪਿਕ ’ਚ ਬੈਡਮਿੰਟਨ ਦੇ ਮਹਿਲਾ ਸਿੰਗਲਜ਼ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ’ਚ ਪਹੁੰਚ ਗਈ ਹੈ। ਉਧਰ ਪੁਰਸ਼ਾਂ ਦੇ ਸਿੰਗਲਜ਼ ਵਰਗ ’ਚ ਬੀ. ਸਾਈ ਪ੍ਰਨੀਤ ਲਗਾਤਾਰ ਦੂਜਾ ਮੈਚ ਹਾਰ ਕੇ ਮੁਕਾਬਲੇ ’ਚੋਂ ਬਾਹਰ ਹੋ ਗਿਆ।
ਰੀਓ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਸਿੰਧੂ ਨੇ ਵਿਸ਼ਵ ਦੀ 34ਵੇਂ ਨੰਬਰ ਦੀ ਖਿਡਾਰਨ ਚਿਉਂਗ ਨੂੰ 35 ਮਿੰਟ ਤੱਕ ਚੱਲੇ ਮੁਕਾਬਲੇ ’ਚ 21-9, 21-16 ਨਾਲ ਹਰਾ ਕੇ ਗਰੁੱਪ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਸਿੰਧੂ ਦੀ ਹਾਂਗ ਕਾਂਗ ਦੀ ਸ਼ਟਲਰ ਖ਼ਿਲਾਫ਼ ਛੇ ਮੈਚਾਂ ਵਿੱਚ ਇਹ ਛੇਵੀਂ ਜਿੱਤ ਹੈ। ਇਸੇ ਦੌਰਾਨ 13ਵਾਂ ਦਰਜਾ ਪ੍ਰਾਪਤ ਭਾਰਤੀ ਖਿਡਾਰੀ ਬੀ.ਸਾਈ ਪ੍ਰਨੀਤ ਆਪਣੀ ਸਰਵੋਤਮ ਖੇਡ ਨਾ ਦਿਖਾ ਸਕਿਆ ਅਤੇ ਨੀਦਰਲੈਂਡ ਦੇ ਮਾਰਕ ਕਾਲਜੋਵ ਤੋਂ 40 ਮਿੰਟ ਤੱਕ ਚੱਲੇ ਮੈਚ ਵਿੱਚ 14-21, 14-21 ਨਾਲ ਹਾਰ ਗਿਆ। ਸਿੰਧੂ ਨੇ ਮੈਚ ਤੋਂ ਬਾਅਦ ਕਿਹਾ, ‘‘ਦੂਜੀ ਗੇਮ ਵਿੱਚ ਮੈਂ ਲੈਅ ਹਾਸਲ ਕੀਤੀ ਅਤੇ ਫਿਰ ਜਿੱਤ ਦਰਜ ਕੀਤੀ। ਇਹ ਕਾਫ਼ੀ ਤੇਜ਼ ਮੁਕਾਬਲਾ ਸੀ ਅਤੇ ਮੈਂ ਕੁਝ ਗਲਤੀਆਂ ਵੀ ਕੀਤੀਆਂ। ਮੈਂ ਆਪਣੀ ਰਣਨੀਤੀ ਬਦਲੀ ਅਤੇ ਕੁਝ ਚੀਜ਼ਾਂ ’ਤੇ ਕਾਬੂ ਪਾਉਣ ’ਚ ਸਫਲ ਰਹੀ।’’ ਵਿਸ਼ਵ ਦੀ 7ਵੇਂ ਨੰਬਰ ਦੀ ਖਿਡਾਰਨ ਸਿੰਧੂ ਦਾ ਪ੍ਰੀ-ਕੁਆਰਟਰ ਫਾਈਨਲ ’ਚ ਮੁਕਾਬਲਾ ਗਰੁੱਪ ‘ਆਈ’ ਵਿੱਚੋਂ ਸਿਖਰ ’ਤੇ ਰਹੀ ਡੈਨਮਾਰਕ ਦੀ ਮੀਆ ਬਲਿਚਫੈਲਟ ਨਾਲ ਹੋਵੇਗਾ। -ਪੀਟੀਆਈ