ਟੋਕੀਓ, 29 ਜੁਲਾਈ
ਰੀਓ ਓਲੰਪਿਕਸ ਵਿੱਚ ਚਾਂਦੀ ਦਾ ਤਗਮਾ ਜੇਤੂ ਅਤੇ ਵਿਸ਼ਵ ਚੈਂਪੀਅਨ ਪੀਵੀ ਸਿੰਧੂ ਅੱਜ ਇਥੇ ਟੋਕੀਓ ਓਲੰਪਿਕਸ ਵਿੱਚ ਮਹਿਲਾ ਸਿੰਗਲਜ਼ ਬੈਡਮਿੰਟਨ ਮੁਕਾਬਲੇ ਵਿੱਚ ਡੈਨਮਾਰਕ ਦੀ ਮਿਆ ਬਲਿਚਫੈਲਟ ਨੂੰ ਸਿੱਧੇ ਗੇਮਾਂ ਵਿੱਚ ਹਰਾ ਕੇ ਕੁਆਰਟਰ ਫਾਈਨਲ ਵਿੱਚ ਪੁੱਜ ਗਈ ਹੈ। ਬੈਡਮਿੰਟਨ ’ਚ ਤਗ਼ਮੇ ਲਈ ਸਿੰਧੂ ਹੁਣ ਭਾਰਤ ਦੀ ਇਕਲੌਤੀ ਉਮੀਦ ਹੈ। ਕੁਆਰਟਰ ਫਾਈਨਲ ਵਿੱਚ ਸਿੰਧੂ ਦੀ ਟੱਕਰ ਮੇਜ਼ਬਾਨ ਜਾਪਾਨ ਦੀ ਅਕਾਨੇ ਯਾਮਾਗੁਚੀ ਨਾਲ ਹੋਵੇਗੀ। ਆਲਮੀ ਦਰਜਾਬੰਦੀ ਵਿੱਚ 6ਵੀਂ ਪਾਇਦਾਨ ’ਤੇ ਕਾਬਜ਼ ਸਿੰਧੂ ਨੇ ਮੁਸਾਹਿਨੋ ਸਪੋਰਟਸ ਪਲਾਜ਼ਾ ਵਿੱਚ 41 ਮਿੰਟ ਤੱਕ ਚੱਲੇ ਮੁਕਾਬਲੇ ’ਚ ਮਿਆ ਨੂੰ 21-15, 21-13 ਨਾਲ ਹਰਾਇਆ। ਬਲਿਚਫੈਲਟ ਖ਼ਿਲਾਫ਼ ਛੇ ਮੈਚਾਂ ਵਿਚੋਂ ਸਿੰਧੂ ਦੀ ਇਹ ਪੰਜਵੀਂ ਜਿੱਤ ਹੈ। ਸਿੰਧੂ ਨੂੰ ਮਿਆ ਤੋਂ ਇੱਕੋ-ਇੱਕ ਹਾਰ ਇਸੇ ਸਾਲ ਥਾਈਲੈਂਡ ਓਪਨ ’ਚ ਮਿਲੀ ਸੀ। ਦੂਜਾ ਵਿਅਕਤੀਗਤ ਓਲੰਪਿਕ ਤਗ਼ਮਾ ਜਿੱਤਣ ਵਾਲੀ ਪਹਿਲੀ ਮਹਿਲਾ ਬਣਨ ਲਈ ਚੁਣੌਤੀ ਪੇਸ਼ ਕਰ ਰਹੀ ਸਿੰਧੂ ਦਾ ਕੁਆਰਟਰ ਫਾਈਨਲ ’ਚ ਟਾਕਰਾ ਜਾਪਾਨ ਦੀ ਅਕਾਨੇ ਯਾਮਾਗੁਚੀ ਨਾਲ ਹੋਵੇਗਾ। ਯਾਮਾਗੁਚੀ ਨੇ ਪ੍ਰੀ-ਕੁਆਰਟਰ ਫਾਈਨਲ ’ਚ ਕੋਰੀਆ ਦੀ ਕਿਮ ਗੁਏਨ ਨੂੰ 21-17, 21-18 ਨਾਲ ਹਰਾਇਆ ਹੈ।
ਸਿੰਧੂ ਨੇ ਹੁਣ ਤੱਕ ਯਾਮਾਗੁਚੀ ਖ਼ਿਲਾਫ਼ 18 ਵਿੱਚੋਂ 11 ਮੁਕਾਬਲੇ ਜਿੱਤੇ ਹਨ। ਸਿੰਧੂ ਨੇ ਮਿਆ ਖ਼ਿਲਾਫ਼ ਸ਼ੁਰੂ ਤੋਂ ਹੀ ਸ਼ਾਨਦਾਰ ਖੇਡ ਦਿਖਾਈ ਅਤੇ ਆਪਣੇ ਸ਼ਾਟਾਂ ਨਾਲ ਉਸ ਨੂੰ ਕਾਫੀ ਪ੍ਰੇਸ਼ਾਨ ਕੀਤਾ। ਮਿਆ ਨੇ ਮੈਚ ਵਿੱਚ ਕਾਫੀ ਗ਼ਲਤੀਆਂ ਕੀਤੀਆਂ ਅਤੇ ਭਾਰਤੀ ਖਿਡਾਰਨ ਨੇ ਉਸ ਨੂੰ ਦਬਾਅ ਵਿੱਚੋਂ ਨਿਕਲਣ ਦਾ ਕੋਈ ਮੌਕਾ ਨਾ ਦਿੰਦਿਆਂ ਮੈਚ ਜਿੱਤ ਲਿਆ। -ਪੀਟੀਆਈ
ਰਣਨੀਤੀ ਬਦਲਣ ਨਾਲ ਜਿੱਤ ਮਿਲੀ: ਸਿੰਧੂ
ਸਿੰਧੂ ਨੇ ਮੈਚ ਤੋਂ ਬਾਅਦ ਕਿਹਾ, ‘‘ਪਹਿਲੀ ਗੇਮ ’ਚ ਮੈਂ ਚੰਗੀ ਸ਼ੁਰੂਆਤ ਕੀਤੀ ਪਰ 15-16 ਦੇ ਸਕੋਰ ਨੇੜੇ ਮੈਂ ਕੁੱਝ ਅੰਕ ਗੁਆਏ ਕਿਉਂਕਿ ਮੈਂ ਡਿਫੈਂਸ ’ਚ ਕਾਹਲ ਕਰ ਰਹੀ ਸੀ। ਮੇਰੇ ਕੋਚ ਨੇ ਮੈਨੂੰ ਦੱਸਿਆ ਕਿ ਮੈਂ ਗਲਤ ਤਰੀਕੇ ਨਾਲ ਖੇਡ ਰਹੀ ਹਾਂ ਅਤੇ ਮੈਂ ਵੀ ਇਹ ਮਹਿਸੂਸ ਕੀਤਾ। ਮੈਂ ਤੁਰੰਤ ਆਪਣੀ ਰਣਨੀਤੀ ਬਦਲੀ ਅਤੇ ਪਹਿਲੀ ਗੇਮ ਜਿੱਤੀ।’ ਉਸ ਨੇ ਕਿਹਾ, ‘‘ਦੂਜੀ ਗੇਮ ਵਿੱਚ ਮੈਂ ਚੰਗਾ ਖੇਡੀ, ਆਪਣੀ ਲੀਡ ਬਰਕਰਾਰ ਰੱਖੀ ਅਤੇ ਮੁਕਾਬਲੇ ਨੂੰ ਖਤਮ ਕੀਤਾ।’