ਹੁਏਲਵਾ (ਸਪੇਨ): ਕਿਦਾਂਬੀ ਸ੍ਰੀਕਾਂਤ ਨੇ ਬੀਡਬਲਯੂਐੱਫ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਹੈ। ਉਹ ਅੱਜ ਇੱਥੇ ਸਿੰਗਾਪੁਰ ਦੇ ਲੋਹ ਕੀਨ ਯੂ ਤੋਂ ਪੁਰਸ਼ ਸਿੰਗਲਜ਼ ਦੇ ਫਾਈਨਲ ਮੈਚ ਵਿੱਚ ਸਿੱਧੇ ਸੈੱਟਾਂ ਵਿੱਚ ਹਾਰ ਗਿਆ। ਸ੍ਰੀਕਾਂਤ ਨੇ ਹਮਵਤਨ ਲਕਸ਼ੈ ਸੇਨ ਨੂੰ ਬੀਤੇ ਦਿਨੀਂ ਸੈਮੀਫਾਈਨਲ ਵਿੱਚ ਹਰਾਇਆ ਸੀ। ਇਸ ਦੇ ਨਾਲ ਹੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਕੇ ਉਸ ਨੇ ਇਤਿਹਾਸ ਸਿਰਜਿਆ ਸੀ। ਹਾਲਾਂਕਿ, ਉਹ ਸਿੰਗਾਪੁਰ ਦੇ ਖਿਡਾਰੀ ਤੋਂ 43 ਮਿੰਟ ਤੱਕ ਚੱਲੇ ਫਾਈਨਲ ਵਿੱਚ 15-21, 20-22 ਨਾਲ ਹਾਰ ਗਿਆ।
ਵਿਸ਼ਵ ਦਾ ਸਾਬਕਾ ਨੰਬਰ ਇੱਕ ਖਿਡਾਰੀ ਸ੍ਰੀਕਾਂਤ ਪਹਿਲੇ ਗੇਮ ਵਿੱਚ 9-3 ਨਾਲ ਅੱਗੇ ਸੀ, ਪਰ ਸਿੰਗਾਪੁਰ ਦੇ ਉਸ ਦੇ ਵਿਰੋਧੀ ਨੇ ਚੰਗੀ ਵਾਪਸੀ ਕੀਤੀ। ਸ੍ਰੀਕਾਂਤ ਨੇ ਪਹਿਲੀ ਗੇਮ ਸਿਰਫ਼ 16 ਮਿੰਟ ਵਿੱਚ ਗੁਆ ਲਿਆ। ਸ੍ਰੀਕਾਂਤ ਨੇ ਦੂਜੇ ਗੇਮ ਵਿੱਚ ਬਿਹਤਰ ਸੰਘਰਸ਼ ਕੀਤਾ, ਪਰ ਲੋਹ ਕੀਨ ਯੂ ਨੇ ਮਜ਼ਬੂਤ ਪ੍ਰਦਰਸ਼ਨ ਕਰ ਕੇ ਮੈਚ ਅਤੇ ਖ਼ਿਤਾਬ ਆਪਣੇ ਨਾਮ ਕਰ ਲਿਆ। ਸਿੰਗਾਪੁਰ ਦੇ ਇਸ 24 ਸਾਲਾ ਖਿਡਾਰੀ ਨੇ ਇਸ ਤੋਂ ਪਹਿਲਾਂ ਦੁਨੀਆ ਦੇ ਅੱਵਲ ਨੰਬਰ ਖਿਡਾਰੀ ਅਤੇ ਮੌਜੂਦਾ ਓਲੰਪਿਕ ਚੈਂਪੀਅਨ ਵਿਕਟਰ ਐਕਸੇਲਸਨ ਨੂੰ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। -ਪੀਟੀਆਈ