ਟੋਕੀਓ, 30 ਜੁਲਾਈ
ਮੌਜੂਦਾ ਵਿਸ਼ਵ ਚੈਂਪੀਅਨ ਪੀ.ਵੀ.ਸਿੰਧੂ ਆਲਮੀ ਦਰਜਾਬੰਦੀ ਵਿੱਚ ਪੰਜਵੇਂ ਨੰਬਰ ਦੀ ਜਾਪਾਨ ਦੀ ਸ਼ਟਲਰ ਅਕਾਨੇ ਯਾਮਾਗੁਚੀ ਨੂੰ ਸਿੱਧੇ ਗੇਮਾਂ ਵਿੱਚ ਹਰਾ ਕੇ ਟੋਕੀਓ ਓਲੰਪਿਕ ਦੇ ਮਹਿਲਾ ਸਿੰਗਲਜ਼ ਵਰਗ ਦੇ ਸੈਮੀ ਫਾਈਨਲ ਗੇੜ ਵਿੱਚ ਦਾਖ਼ਲ ਹੋ ਗਈ ਹੈ। ਸਿੰਧੂ ਦੀ ਜਿੱਤ ਨਾਲ ਬੈਡਮਿੰਟਨ ਵਿੱਚ ਭਾਰਤ ਦੀ ਪਹਿਲੇ ਸੋਨ ਤਗ਼ਮੇ ਦੀ ਉਮੀਦ ਕਾਇਮ ਹੈ।
ਰੀਓ ਓਲੰਪਿਕ 2016 ਵਿੱਚ ਚਾਂਦੀ ਦਾ ਤਗ਼ਮਾ ਜੇਤੂ ਸਿੰਧੂ ਨੇ ਸ਼ਾਨਦਾਰ ਡਿਫੈਂਸ ਦਾ ਮੁਜ਼ਾਹਰਾ ਕਰਦਿਆਂ ਆਪਣੀ ਹਮਲਾਵਰ ਹਰਫਨਮੌਲਾ ਖੇਡ ਦੀ ਬਦੌਲਤ ਕੁਆਰਟਰ ਫਾਈਨਲ ਵਿੱਚ ਚੌਥਾ ਦਰਜਾ ਯਾਮਾਗੁਚੀ ਨੂੰ 56 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ 21-13 ਤੇ 22-20 ਨਾਲ ਸ਼ਿਕਸਤ ਦਿੱੱਤੀ। ਸੈਮੀ ਫਾਈਨਲ ਵਿੱਚ ਸਿੰਧੂ ਦਾ ਟਾਕਰਾ ਚੀਨੀ ਤਾਇਪੇ ਦੀ ਦੂਜਾ ਦਰਜਾ ਪ੍ਰਾਪਤ ਤਾਇ ਯੁ ਯਿੰਗ ਨਾ ਹੋਵੇਗਾ। ਤਾਇਪੇ ਦੀ ਸ਼ਟਲਰ ਨੇ ਦੂਜੇ ਕੁਆਰਟਰ ਫਾਈਨਲ ਵਿੱਚ ਥਾਈਲੈਂਡ ਦੀ ਰਤਚਾਨੋਕ ਇੰਤਾਨੋਨ ਨੂੰ 14-21, 21-18, 21-18 ਨਾਲ ਹਰਾਇਆ। ਛੇਵਾਂ ਦਰਜਾ ਸਿੰਧੂ ਨੇ ਮੈਚ ਤੋਂ ਬਾਅਦ ਕਿਹਾ, ‘‘ਪਹਿਲਾ ਗੇਮ ਜ਼ਿਆਦਾਤਰ ਮੇਰੇ ਕੰਟਰੋਲ ਵਿੱਚ ਸੀ। ਮੈਂ ਲੀਡ ਲੈ ਰਹੀ ਸੀ, ਪਰ ਮੈਂ ਡਟੀ ਰਹੀ ਕਿਉਂਕਿ ਪਿਛਲੇ ਮੈਚਾਂ ਵਿੱਚ ਉਹ ਵਾਪਸੀ ਕਰਨ ਵਿੱਚ ਸਫ਼ਲ ਰਹੀ ਸੀ। ਪਰ ਮੈਂ ਲੀਡ ਕਾਇਮ ਰੱਖੀ ਤੇ ਗੇਮ ਜਿੱਤ ਲਈ।’’ ਭਾਰਤੀ ਸ਼ਟਲਰ ਨੇ ਕਿਹਾ, ‘‘ਦੂਜੀ ਗੇਮ ਵਿੱਚ ਮੈਂ ਲੀਡ ਵਿੱਚ ਸੀ, ਪਰ ਫਿਰ ਉਸ ਨੇ ਵਾਪਸੀ ਕੀਤੀ। ਪਰ ਮੈਂ ਆਸ ਨਹੀਂ ਛੱਡੀ ਤੇ ਉਸੇ ਲੈਅ ਵਿੱਚ ਖੇਡਣਾ ਜਾਰੀ ਰੱਖਿਆ। ਮੈਂ ਜਿਸ ਤਰ੍ਹਾਂ ਨਾਲ ਖੇਡੀ ਤੇ ਜ਼ਿਆਦਾ ਗ਼ਲਤੀਆਂ ਨਹੀਂ ਕੀਤੀਆਂ, ਉਸ ਤੋਂ ਖੁ਼ਸ਼ ਹਾਂ।’’ ਸਿੰਧੂ ਟੋਕੀਓ ਓਲੰਪਿਕ ਦੇ ਬੈਡਮਿੰਟਨ ਮੁਕਾਬਲਿਆਂ ਵਿੱਚ ਇਕੋ ਇਕ ਭਾਰਤੀ ਚੁਣੌਤੀ ਹੈ। ਪੁਰਸ਼ ਸਿੰਗਲਜ਼ ਵਿੱਚ ਬੀ.ਸਾਈ ਪ੍ਰਨੀਤ ਤੇ ਚਿਰਾਗ ਸ਼ੈੱਟੀ ਅਤੇ ਸਾਤਵਿਕਸਾਈਰਾਜ ਰੰਕੀਰੈੱਡੀ ਦੀ ਪੁਰਸ਼ ਡਬਲਜ਼ ਜੋੜੀ ਨੌਕਆਊਟ ਗੇੜ ਲਈ ਕੁਆਲੀਫਾਈ ਕਰਨ ਵਿੱਚ ਨਾਕਾਮ ਰਹੀ ਸੀ। -ਪੀਟੀਆਈ