ਟੋਕੀਓ: ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗਮਾ ਜੇਤੂ ਲਕਸ਼ੈ ਸੇਨ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਅੱਜ ਇੱਥੇ ਬੀਡਬਲਯੂਐੱਫ ਵਿਸ਼ਵ ਚੈਂਪੀਅਸ਼ਨਸ਼ਿਪ ਦੇ ਪੁਰਸ਼ ਸਿੰਗਲਜ਼ ਦੇ ਸ਼ੁਰੂਆਤੀ ਗੇੜ ਵਿੱਚ ਡੈਨਮਾਰਕ ਦੇ ਹੈਂਸ-ਕ੍ਰਿਸਟੀਅਨ ਸੋਲਬਰਗ ਵਿਟਿੰਗਸ ਨੂੰ ਹਰਾ ਦਿੱਤਾ। ਇਸੇ ਤਰ੍ਹਾਂ ਭਾਰਤੀ ਖਿਡਾਰੀਆਂ ਨੇ ਮਹਿਲਾ ਡਬਲਜ਼ ਅਤੇ ਮਿਕਸਡ ਡਬਲਜ਼ ਵਿੱਚ ਵੀ ਜਿੱਤ ਦਰਜ ਕੀਤੀ ਜਦਕਿ ਪੁਰਸ਼ ਸਿੰਗਲਜ਼ ਦੇ ਇੱਕ ਹੋਰ ਮੁਕਾਬਲੇ ਵਿੱਚ ਵਿਸ਼ਵ ਦੇ ਚੌਥੇ ਦਰਜੇ ਦੇ ਖਿਡਾਰੀ ਚੋ ਟੀਏਨ ਨੇ ਬੀ ਸਾਈ ਪ੍ਰਣੀਤ ਨੂੰ ਹਰਾ ਦਿੱਤਾ। ਪਿਛਲੇ ਸਾਲ ਕਾਂਸੇ ਦਾ ਤਗਮਾ ਜਿੱਤਣ ਵਾਲੇ ਸੇਨ ਨੇ ਪਹਿਲੇ ਮੈਚ ਵਿੱਚ ਵਿਟਿੰਗਸ ਨੂੰ 21-12,21-11 ਨਾਲ ਹਰਾਇਆ। ਇਸੇ ਤਰ੍ਹਾਂ ਅਸ਼ਵਨੀ ਪੋਨੱਪਾ ਅਤੇ ਐੱਨ ਸਿੱਕੀ ਰੈੱਡੀ ਨੇ ਮਾਲਦੀਵ ਦੀ ਅਮੀਨਾਥ ਨਬੀਹਾ ਅਬਦੁੱਲਾ ਰਜ਼ਾਕ ਅਤੇ ਫਾਤਿਮਾ ਨਬਾਹਾ ਅਬਦੁੱਲ ਰਜ਼ਾਕ ਦੀ ਜੋੜੀ ਨੂੰ 21-7, 21-9 ਤੇ ਤਨੀਸ਼ਾ ਕ੍ਰਾਸਟੋ ਅਤੇ ਇਸ਼ਾਨ ਭਟਨਾਗਰ ਨੇ ਜਰਮਨੀ ਦੇ ਪੈਟਰਿਕ ਸਕੀਲ ਅਤੇ ਪ੍ਰਾਂਜ਼ਿਸਕਾ ਵੌਕਮੈਨ ਨੂੰ 21-13,21-13 ਨਾਲ ਹਰਾਇਆ। ਇਸ ਤੋਂ ਇਲਾਵਾ ਪੁਰਸ਼ ਡਬਲਜ਼ ਵਿੱਚ ਬੀ ਸੁਮਿਤ ਰੈੱਡੀ-ਮਨੂ ਅਤਰੀ ਅਤੇ ਮਹਿਲਾ ਸਿੰਗਲਜ਼ ਵਿੱਚ ਮਾਲਵਿਕਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। -ਪੀਟੀਆਈ