ਟੋਕੀਓ: ਭਾਰਤ ਦੇ ਐੱਚ.ਐੱਸ. ਪ੍ਰਣਯ ਸ਼ਾਨਦਾਰ ਵਾਪਸੀ ਕਰਦੇ ਹੋਏ ਹਮਵਤਨ ਅਤੇ ਰਾਸ਼ਟਰਮੰਡਲ ਖੇਡਾਂ ਦੇ ਚੈਂਪੀਅਨ ਲਕਸ਼ੈ ਸੈਨ ਨੂੰ ਹਰਾ ਕੇ ਅੱਜ ਬੈਡਮਿੰਟਨ ਵਿਸ਼ਵ ਚੈਂਪੀਅਨ ਦੇ ਕੁਆਰਟਰ ਫਾਈਨਲ ’ਚ ਦਾਖ਼ਲ ਹੋ ਗਿਆ ਜਦਕਿ ਪੁਰਸ਼ ਡਬਲਜ਼ ਵਿੱਚ ਧਰੁਵ ਕਪਿਲਾ ਤੇ ਐੱਮ.ਆਰ. ਅਰਜੁਨ ਅਤੇ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਵੀ ਆਖ਼ਰੀ ਅੱਠਾਂ ਵਿੱਚ ਪਹੁੰਚ ਗਈ। ਓਲੰਪਿਕ ਕਾਂਸੀ ਤਗ਼ਮਾ ਜੇਤੂ ਸਾਇਨਾ ਨੇਹਵਾਲ ਮਹਿਲਾ ਸਿੰਗਲਜ਼ ਪ੍ਰੀ-ਕੁਆਰਟਰ ਫਾਈਨਲ ਵਿੱਚ ਸਖ਼ਤ ਚੁਣੌਤੀ ਦੇਣ ਤੋਂ ਬਾਅਦ ਬੁਸਾਨਨ ਓਂਗਬਾਮਰੁੰਗਫਾਨ ਕੋਲੋਂ ਹਾਰ ਕੇ ਬਾਹਰ ਹੋ ਗਈ। ਲਕਸ਼ੈ ਤੇ ਪ੍ਰਣਯ ਦਾ ਮੈਚ ਕਰੀਬ ਸਵਾ ਘੰਟਾ ਚੱਲਿਆ ਜਿਸ ਵਿੱਚ ਪ੍ਰਣਯ ਨੇ 17-21, 21-16, 21-17 ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਤੋਂ ਬਾਅਦ ਦੋਹਾਂ ਵਿਚਾਲੇ ਜਿੱਤ-ਹਾਰ ਦਾ ਰਿਕਾਰਡ 2-2 ਦਾ ਹੋ ਗਿਆ ਹੈ। ਹੁਣ ਪ੍ਰਣਯ ਦਾ ਮੁਕਾਬਲਾ ਚੀਨ ਦੇ ਜ਼ਾਓ ਜੁਨ ਪੈਂਗ ਨਾਲ ਹੋਵੇਗਾ। ਉਸ ਤੋਂ ਇਲਾਵਾ ਭਾਰਤੀ ਪੁਰਸ਼ ਡਬਲਜ਼ ਦੀਆਂ ਦੋ ਜੋੜੀਆਂ ਕੁਆਰਟਰ ਫਾਈਨਲ ਵਿੱਚ ਪਹੁੰਚਣ ’ਚ ਸਫ਼ਲ ਰਹੀਆਂ। ਅਰਜੁਨ ਤੇ ਕਪਿਲਾ ਦੀ ਗੈਰ ਦਰਜਾ ਪ੍ਰਾਪਤ ਜੋੜੀ ਨੇ 58 ਮਿੰਟ ਤੱਕ ਚੱਲੇ ਮੈਚ ’ਚ ਸਿੰਗਾਪੁਰ ਦੇ ਟੈਰੀ ਹੀ ਤੇ ਲੋਹ ਕਿਨ ਹੀਨ ਨੂੰ 18-21, 21-15, 21-16 ਨਾਲ ਹਰਾਇਆ। ਇਸੇ ਤਰ੍ਹਾਂ ਸਾਤਵਿਕ ਤੇ ਚਿਰਾਗ ਦੀ ਜੋੜੀ ਨੇ ਡੈਨਮਾਰਕ ਦੇ ਜੈਪਾ ਬੇਅ ਤੇ ਲਾਸੇ ਮੋਲਹੇਦੇ ਦੀ ਜੋੜੀ ਨੂੰ 35 ਮਿੰਟਾਂ ’ਚ 21-12, 21-10 ਨਾਲ ਹਰਾ ਦਿੱਤਾ। -ਪੀਟੀਆਈ