ਦੁਬਈ, 24 ਅਕਤੂਬਰ
ਭਾਰਤੀ ਕ੍ਰਿਕਟ ਬੋਰਡ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੀਆਂ ਦੋ ਨਵੀਆਂ ਟੀਮਾਂ ਲਈ ਹੋਣ ਵਾਲੀ ਬੋਲੀ ਤੋਂ ਪ੍ਰਤੀ ਟੀਮ 7000 ਕਰੋੜ ਤੋੋਂ 10,000 ਕਰੋੜ ਰੁਪਏ ਦੀ ਕਮਾਈ ਹੋਣ ਦੀ ਆਸ ਹੈ। ਨਵੀਆਂ ਟੀਮਾਂ ਲਈ ਬੋਲੀ ਸੋਮਵਾਰ 25 ਅਕਤੂਬਰ ਨੂੰ ਹੋਣੀ ਹੈ। ਉਂਜ ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਬੀਸੀਸੀਆਈ ਨਿਲਾਮੀ ਦੇ ਤਕਨੀਕੀ ਮੁਲਾਂਕਣ ਮਗਰੋਂ ਸਫ਼ਲ ਬੋਲੀਕਾਰਾਂ ਦਾ ਐਲਾਨ ਕਰੇਗਾ ਜਾਂ ਨਹੀਂ। ਹੁਣ ਤੱਕ ਨਿਲਾਮੀ ਲਈ 22 ਕੰਪਨੀਆਂ ਨੇ 10 ਲੱਖ ਰੁਪਏ ਮੁੱਲ ਦੇ ਟੈਂਡਰ ਦਸਤਾਵੇਜ਼ ਖਰੀਦੇ ਹਨ। ਨਵੀਆਂ ਟੀਮਾਂ ਦੀ ਆਧਾਰ ਕੀਮਤ 2000 ਕਰੋੜ ਰੁਪਏ ਰੱਖੀ ਗਈ ਹੈ, ਉਂਜ ਆਖਰੀ ਬੋਲੀ ਵਿੱਚ ਛੇ ਸੰਜੀਦਾ ਬੋਲੀਕਾਰਾਂ ਦੇ ਰਹਿਣ ਦੀ ਉਮੀਦ ਹੈ। ਉਂਜ ਬੋਲੀਕਾਰਾਂ ਦੀ ਦੌੜ ਵਿੱਚ ਕਾਰੋਬਾਰੀ ਗੌਤਮ ਅਡਾਨੀ, ਆਰੀਪੀਐੱਸਜੀ ਗਰੁੱਪ ਦੇ ਸੰਜੀਵ ਗੋਇੰਕਾ ਤੇ ਫ਼ਾਰਮਾਸਿਊਟੀਕਲ ਕੰਪਨੀ ਔਰਬਿੰਦੋ ਫਾਰਮਾ ਵੀ ਸ਼ਾਮਲ ਦੱਸੇ ਜਾਂਦੇ ਹਨ। ਬੋਲੀਕਾਰਾਂ ਵਿੱਚ ਬੌਲੀਵੁੱਡ ਦੀ ਜੋੜੀ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਨ ਦਾ ਨਾਂ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। -ਪੀਟੀਆਈ