ਸ਼ਿਲਾਂਗ, 1 ਦਸੰਬਰ
ਸ਼ਿਵਾ ਥਾਪਾ (63.5 ਕਿਲੋ) ਅਤੇ 2021 ਏਸ਼ਿਆਈ ਚੈਂਪੀਅਨ ਸੰਜੀਤ (92 ਕਿਲੋ) ਨੂੰ ਨੈਸ਼ਨਲ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਛੇ ਵਾਰ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਤਗ਼ਮਾ ਜਿੱਤਣ ਵਾਲੇ ਥਾਪਾ ਨੇ ਆਪਣੇ ਤਜਰਬੇ ਦਾ ਲਾਹਾ ਲੈਂਦਿਆਂ ਮਹਾਰਾਸ਼ਟਰ ਦੇ ਹਰਿਵੰਸ਼ ਤਿਵਾੜੀ ਨੂੰ 5-0 ਨਾਲ ਹਰਾਇਆ। ਖਿਤਾਬੀ ਮੁਕਾਬਲੇ ਵਿੱਚ ਆਸਾਮ ਦੇ ਇਸ ਮੁੱਕੇਬਾਜ਼ ਦਾ ਸਾਹਮਣਾ ਐੱਸਐੱਸਸੀਬੀ (ਸੈਨਿਕ ਖੇਡ ਕੰਟਰੋਲ ਬੋਰਡ) ਦੇ ਵੰਸ਼ਜ ਨਾਲ ਹੋਵੇਗਾ। ਐੱਸਐੱਸਸੀਬੀ ਦੇ ਮੁੱਕੇਬਾਜ਼ ਸੰਜੀਤ ਨੂੰ ਹਾਲਾਂਕਿ ਸੈਮੀਫਾਈਨਲ ਵਿੱਚ ਏਆਈਪੀ ਦੇ ਵਿੱਕੀ ਤੋਂ ਚੰਗੀ ਚੁਣੌਤੀ ਮਿਲੀ ਪਰ ਉਹ ਇਸ ਖਿਡਾਰੀ ਨੂੰ ਰੋਕਣ ਲਈ ਕਾਫ਼ੀ ਨਹੀਂ ਸੀ। ਫਾਈਨਲ ਵਿੱਚ ਉਸ ਦਾ ਸਾਹਮਣਾ ਹਰਿਆਣਾ ਦੇ ਨਵੀਨ ਕੁਮਾਰ ਨਾਲ ਹੋਵੇਗਾ। ਐੱਸਐਸਸੀਬੀ ਦੇ ਦਬਦਬੇ ਵਾਲੇ ਦਿਨ ਵਿਸ਼ਵ ਚੈਂਪੀਅਨਸ਼ਿਪ (2019) ਦੇ ਚਾਂਦੀ ਦਾ ਤਗ਼ਮਾ ਜੇਤੂ ਅਮਿਤ ਪੰਘਾਲ (51 ਕਿਲੋ) ਨੇ ਵੀ ਆਰਐੱਸਪੀਬੀ (ਰੇਲਵੇ ਖੇਡ ਕੰਟਰੋਲ ਬੋਰਡ) ਦੇ ਅੰਕਿਤ ਨੂੰ 5-2 ਨਾਲ ਹਰਾਇਆ। ਸੋਨ ਤਗ਼ਮੇ ਲਈ ਪੰਘਾਲ ਨੂੰ ਚੰਡੀਗੜ੍ਹ ਦੇ ਅੰਸ਼ੁਲ ਪੂਨੀਆ ਦੀ ਚੁਣੌਤੀ ਪਾਰ ਕਰਨੀ ਹੋਵੇਗੀ। ਥਾਪਾ, ਸੰਜੀਤ, ਪੰਘਾਲ ਨਾਲ ਐੱਸਐੱਸਸੀਬੀ ਦੇ 12 ਮੁੱਕੇਬਾਜ਼ਾਂ ਨੇ ਫਾਈਨਲ ਵਿੱਚ ਜਗ੍ਹਾ ਬਣਾਈ। ਇਸ ਵਿੱਚ ਬਰੁਣ ਸਿੰਘ (48 ਕਿਲੋ), ਪਵਨ (54 ਕਿਲੋ), ਸਚਿਨ (57 ਕਿਲੋ), ਆਕਾਸ਼ (60 ਕਿਲੋ), ਵੰਸ਼ਜ (63.5 ਕਿਲੋ), ਰਜਤ (67 ਕਿਲੋ), ਆਕਾਸ਼ (71 ਕਿਲੋ), ਦੀਪਕ (75 ਕਿਲੋ), ਲਕਸ਼ੈ (80 ਕਿਲੋ) ਅਤੇ ਜੁਗਨੂੰ (86 ਕਿਲੋ) ਸ਼ਾਮਲ ਹਨ।
ਇੱਕ ਹੋਰ ਸੈਮੀਫਾਈਨਲ ਵਿੱਚ ਆਰਐੱਸਪੀਬੀ ਦੇ ਸਾਗਰ ਨੇ 92 ਤੋਂ ਵੱਧ ਭਾਰ ਵਰਗ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਸਾਗਰ ਨੇ ਦਿੱਲੀ ਦੇ ਵਿਸ਼ਾਲ ਕੁਮਾਰ ਖ਼ਿਲਾਫ਼ ਦਬਦਬਾ ਬਣਾਉਂਦਿਆਂ 5-0 ਨਾਲ ਜਿੱਤ ਦਰਜ ਕੀਤੀ।
2022 ਦੀਆਂ ਰਾਸ਼ਟਰਮੰਡਲ ਖੇਡਾਂ ਦਾ ਚਾਂਦੀ ਦਾ ਤਗ਼ਮਾ ਜੇਤੂ ਮੁੱਕੇਬਾਜ਼ ਪੰਜਾਬ ਦੇ ਜੈਪਾਲ ਸਿੰਘ ਦਾ ਸਾਹਮਣਾ ਕਰੇਗਾ। -ਪੀਟੀਆਈ