ਟੋਕੀਓ, 30 ਜੁਲਾਈ
ਆਪਣਾ ਪਲੇਠਾ ਓਲੰਪਿਕ ਖੇਡ ਰਹੀ ਲਵਲੀਨਾ ਬੋਰਗੋਹੇਨ (69 ਕਿਲੋ) ਨੇ ਸਾਬਕਾ ਵਿਸ਼ਵ ਚੈਂਪੀਅਨ ਚੀਨੀ ਤਾਇਪੇ ਦੀ ਨਿਯੇਨ ਚਿਨ ਚੇਨ ਨੂੰ ਹਰਾ ਕੇ ਸੈਮੀਫਾਈਨਲ ਵਿਚ ਦਾਖ਼ਲੇ ਦੇ ਨਾਲ ਟੋਕੀਓ ਓਲੰਪਿਕ ਦੇ ਮੁੱਕੇਬਾਜ਼ੀ ਮੁਕਾਬਲਿਆਂ ’ਚ ਭਾਰਤ ਦਾ ਤਗ਼ਮਾ ਪੱਕਾ ਕਰ ਦਿੱਤਾ ਹੈ। ਅਸਾਮ ਦੀ 23 ਸਾਲਾ ਮੁੱਕੇਬਾਜ਼ ਨੇ 4-1 ਨਾਲ ਜਿੱਤ ਦਰਜ ਕੀਤੀ। ਲਵਲੀਨਾ, ਜੋ ਹੁਣ ਸੋਨ ਤਗ਼ਮੇ ਤੋਂ ਦੋ ਕਦਮ ਦੂਰ ਹੈ, ਸੈਮੀ ਫਾਈਨਲ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਤੁਰਕੀ ਦੀ ਬੁਸਾਨੇਜ ਸੁਰਮੇਨੇਲੀ ਨਾਲ ਮੱਥਾ ਲਾਏਗੀ। ਤੁਰਕ ਮੁੱਕੇਬਾਜ਼ ਨੇ ਕੁਆਰਟਰ ਫਾਈਨਲ ਵਿੱਚ ਯੂਕਰੇਨ ਦੀ ਅੰਨਾ ਲਿਸੇਂਕੋ ਨੂੰ ਮਾਤ ਦਿੱਤੀ ਹੈ। ਇਸ ਦੌਰਾਨ ਪੰਜਾਬ ਨਾਲ ਸਬੰਧਤ ਮਹਿਲਾ ਮੁੱਕੇਬਾਜ਼ ਸਿਮਰਨਜੀਤ ਕੌਰ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿੱਚ ਥਾਈਲੈਂਡ ਦੀ ਮੁੱਕੇਬਾਜ਼ ਤੋਂ 5-0 ਨਾਲ ਹਾਰ ਕੇ ਬਾਹਰ ਹੋ ਗਈ।
ਵਿਸ਼ਵ ਚੈਂਪੀਅਨਸ਼ਿਪ ਵਿੱਚ ਦੋ ਵਾਰ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਲਵਲੀਨਾ ਨੇ ਮੈਚ ਦੌਰਾਨ ਜ਼ਬਰਦਸਤ ਸਬਰ ਦਾ ਪ੍ਰਦਰਸ਼ਨ ਕਰਦੇ ਹੋਏ ਚੀਨੀ ਤਾਇਪੇ ਦੀ ਆਪਣੀ ਉਸ ਵਿਰੋਧੀ ਨੂੰ ਹਰਾਇਆ, ਜਿਸ ਤੋਂ ਉਹ ਪਹਿਲਾਂ ਵੀ ਹਾਰ ਚੁੱਕੀ ਹੈ। ਹਮਲਾਵਰ ਸ਼ੁਰੂਆਤ ਮਗਰੋਂ ਭਾਰਤੀ ਮੁੱਕੇਬਾਜ਼ ਨੇ ਆਖਰੀ ਤਿੰਨ ਮਿੰਟਾਂ ਵਿੱਚ ਆਪਣੇ ਡਿਫੈਂਸ ਨੂੰ ਵੀ ਕੰਟਰੋਲ ਵਿੱਚ ਰੱਖਿਆ ਤੇ ਜਵਾਬੀ ਹਮਲਿਆਂ ’ਚ ਕੋਈ ਕਸਰ ਨਹੀਂ ਛੱਡੀ। ਕੌਮੀ ਕੋਚ ਮੁਹੰਮਦ ਅਲੀ ਕਮਰ ਨੇ ਕਿਹਾ, ‘‘ਉਸ ਨੇ ਜਵਾਬੀ ਹਮਲਿਆਂ ਦੀ ਰਣਨੀਤੀ ’ਤੇ ਅਮਲ ਕੀਤਾ ਤੇ ਆਪਣੇ ਕੱਦ ਦਾ ਲਾਹਾ ਲਿਆ। ਪਿਛਲੇ ਮੁਕਾਬਲੇ ਵਿੱਚ ਇਸੇ ਵਿਰੋਧੀ ਖ਼ਿਲਾਫ਼ ਹਮਲਾਵਰ ਹੋਣ ਦੀ ਕੋੋਸ਼ਿਸ਼ ਵਿੱਚ ਉਹ ਹਾਰ ਗਈ ਸੀ।’ ਉਨ੍ਹਾਂ ਕਿਹਾ, ‘‘ਉਸ ਨੇ ਜ਼ਬਰਦਸਤ ਸਬਰ ਦਾ ਪ੍ਰਦਰਸ਼ਨ ਕੀਤਾ ਤੇ ਰੋਮਾਂਚਿਤ ਨਹੀਂ ਹੋਈ। ਉਸ ਨੇ ਵਧੇਰੇ ਹਮਲਾਵਰ ਹੋਣ ਦੀ ਵੀ ਕੋਸ਼ਿਸ਼ ਨਹੀਂ ਕੀਤੀ ਤੇ ਰਣਨੀਤੀ ’ਤੇ ਚੰਗੀ ਤਰ੍ਹਾਂ ਨਾਲ ਅਮਲ ਕੀਤਾ। ਉਹ ਹਮਲਾਵਰ ਹੁੰਦੀ ਤਾਂ ਸੱਟ ਫੇਟ ਲੁਆ ਸਕਦੀ ਸੀ।’’
ਪਿਛਲੇ ਸਾਲ ਕਰੋਨਾ ਲਾਗ ਦਾ ਸ਼ਿਕਾਰ ਹੋਈ ਲਵਲੀਨਾ ਯੂਰੋਪ ਵਿੱਚ ਅਭਿਆਸ ਦੌਰੇ ’ਤੇ ਜਾਣ ਤੋਂ ਖੁੰਝ ਗਈ ਸੀ। ਰੈਫਰੀ ਨੇ ਜਿਵੇਂ ਹੀ ਜੇਤੂ ਵਜੋਂ ਉਸ ਦਾ ਹੱਥ ਉੱਤੇ ਚੁੱਕਿਆ ਤੇ ਉਹ ਖ਼ੁਸ਼ੀ ਦੇ ਮਾਰੇ ਜ਼ੋਰ ਨਾਲ ਚੀਕ ਪਈ। ਇਸ ਤੋਂ ਪਹਿਲਾਂ ਓਲੰਪਿਕ ਮੁੱਕੇਬਾਜ਼ੀ ਵਿਚ ਵਿਜੇਂਦਰ ਸਿੰਘ (2008) ਤੇ ਐੈੱਮ.ਸੀ.ਮੈਰੀ ਕੌਮ (2012) ਨੇ ਭਾਰਤ ਲਈ ਕਾਂਸੇ ਦਾ ਤਗ਼ਮਾ ਜਿੱਤਿਆ ਸੀ।
ਭਾਰਤ ਲਈ ਟੋਕੀਓ ਓਲੰਪਿਕ ਵਿੱਚ ਦੂਜਾ ਤਗ਼ਮਾ ਪੱਕਾ ਕਰਨ ਵਾਲੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੂੰ ਖੇਡ ਮੰਤਰੀ ਅਨੁਰਾਗ ਠਾਕੁਰ, ਸਾਬਕਾ ਖੇਡ ਮੰਤਰੀ ਤੇ ਮੌਜੂਦਾ ਕਾਨੂੰਨ ਮੰਤਰੀ ਕਿਰਨ ਰਿਜਿਜੂ, ਸਿਖਰਲੇ ਨਿਸ਼ਾਨੇਬਾਜ਼ ਅਭਿਨਵ ਬਿੰਦਰਾ, ਓਲੰਪਿਕ ਮੁੱਕੇਬਾਜ਼ ਵਿਜੇਂਦਰ ਸਿੰਘ, ਸਾਬਕਾ ਵਿਸ਼ਵ ਚੈਂਪੀਅਨ ਨਿਸ਼ਾਨੇਬਾਜ਼ ਹਿਨਾ ਸਿੱਧੂ ਸਮੇਤ ਖੇਡ ਜਗਤ ਨਾਲ ਜੁੜੀਆਂ ਹੋਰਨਾਂ ਸ਼ਖ਼ਸੀਅਤਾਂ ਨੇ ਵਧਾਈ ਦਿੱਤੀ ਹੈ।
ਲਵਲੀਨਾ ਦੀ ਜਿੱਤ ਮਗਰੋਂ ਅਸਾਮ ਵਿੱਚ ਜਸ਼ਨ ਦਾ ਮਾਹੌਲ ਰਿਹਾ। ਲਵਲੀਨਾ ਦੇ ਪਿਤਾ ਟਿਕੇਨ ਬੋਰਗੋਹੇਨ ਨੇ ਭਰੋਸਾ ਜਤਾਇਆ ਕਿ ਉਸ ਦੀ ਧੀ ਯਕੀਨੀ ਤੌਰ ’ਤੇ ਦੋ ਹੋਰ ਮੈਚ ਜਿੱਤ ਕੇ ਕਾਂਸੇ ਦੇ ਤਗ਼ਮੇ ਨੂੰ ਸੋਨੇ ਵਿੱਚ ਤਬਦੀਲ ਕਰ ਦੇਵੇਗੀ। ਲਵਲੀਨਾ ਦਾ ਪਰਿਵਾਰ ਗੋਲਾਘਾਟ ਜ਼ਿਲ੍ਹੇ ਦੇ ਬਾਰਾ ਮੁਖੀਆ ਪਿੰਡ ਵਿੱਚ ਰਹਿੰਦਾ ਹੈ। -ਪੀਟੀਆਈ
ਪੰਜਾਬ ਦੀ ਮੁੱਕੇਬਾਜ਼ ਸਿਮਰਨਜੀਤ ਕੌਰ ਪ੍ਰੀ-ਕੁਆਰਟਰ ਫਾਈਨਲ ਵਿੱਚ ਹਾਰੀ
ਆਪਣਾ ਪਲੇਠਾ ਓਲੰਪਿਕ ਖੇਡ ਰਹੀ ਭਾਰਤ ਦੀ ਇਕ ਹੋਰ ਮਹਿਲਾ ਮੁੱਕੇਬਾਜ਼ ਸਿਮਰਨਜੀਤ ਕੌਰ(60 ਕਿਲੋ) ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਈਲੈਂਡ ਦੀ ਸੁਦਾਪੋਰਨ ਸੀਸੋਂਦੀ ਤੋਂ ਹਾਰ ਕੇ ਬਾਹਰ ਹੋ ਗਈ। ਚੌਥਾ ਦਰਜਾ ਪ੍ਰਾਪਤ ਸਿਮਰਨਜੀਤ ਕੌਰ ਨੂੰ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕੌਰ ਨੇ ਪਹਿਲੇ ਰਾਊਂਡ ਵਿੱਚ ਅਸਰਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਵਿਰੋਧੀ ਖ਼ਿਲਾਫ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਚੰਗੇ ਜਵਾਬੀ ਹਮਲੇ ਕੀਤੇ। ਜੱਜਾਂ ਨੇ ਹਾਲਾਂਕਿ ਸਰਬਸੰਮਤੀ ਨਾਲ ਥਾਈ ਮੁੱਕੇਬਾਜ਼ ਦੇ ਹੱਕ ਵਿਚ ਫੈਸਲਾ ਦਿੱਤਾ, ਜਿਸ ਨਾਲ ਦੂਜੇ ਰਾਊਂਡ ਵਿੱਚ ਸਿਮਰਨਜੀਤ ਦੇ ਪ੍ਰਦਰਸ਼ਨ ’ਤੇ ਅਸਰ ਪਿਆ। ਤੀਜੇ ਦੌਰ ਵਿੱਚ ਸਿਮਰਨਜੀਤ ਨੇ ਬਰਾਬਰੀ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਥਾਈ ਮੁੱਕੇਬਾਜ਼ ਦੋ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਤਗ਼ਮਾ ਜੇਤੂ ਹੈ ਤੇ ਉਸ ਨੇ 2018 ਏਸ਼ਿਆਈ ਖੇਡਾਂ ਵਿੱਚ ਵੀ ਚਾਂਦੀ ਦਾ ਤਗ਼ਮਾ ਜਿੱਤਿਆ ਸੀ।