ਨਵੀਂ ਦਿੱਲੀ: ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਨਿਖਤ ਜ਼ਰੀਨ (52 ਕਿੱਲੋ) ਅਤੇ ਨੀਤੂ (48 ਕਿੱਲੋ) ਨੇ ਬੁਲਗਾਰੀਆ ਦੇ ਸੋਫੀਆ ਵਿਚ ਚੱਲ ਰਹੇ 73ਵੇਂ ਸਟਰੈਂਡਜਾ ਮੈਮੋਰੀਅਲ ਟੂਰਨਾਮੈਂਟ ਦੇ ਸੈਮੀ ਫਾਈਨਲ ਵਿਚ ਪ੍ਰਵੇਸ਼ ਕੀਤਾ। ਨਿਖਤ ਨੇ ਇੰਗਲੈਂਡ ਦੀ ਚਾਰਲੇਅ ਡੈਵੀਸਨ ਨੂੰ 5-0 ਨਾਲ ਹਰਾਇਆ। ਨੀਤੂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਸੇ ਫਰਕ ਨਾਲ ਇਟਲੀ ਦੀ ਰੌਬਰਟਾ ਬੋਨਾਟੀ ਨੂੰ ਹਰਾਇਆ। ਨਿਖਤ ਤੇ ਨੀਤੂ ਦੇ ਸੈਮੀ ਫਾਈਨਲ ਵਿਚ ਪਹੁੰਚਣ ਨਾਲ ਭਾਰਤ ਨੇ ਹੁਣ ਯੂਰੋਪ ਦੇ ਸਭ ਤੋਂ ਪੁਰਾਣੇ ਮੁੱਕੇਬਾਜ਼ੀ ਟੂਰਨਾਮੈਂਟ ਵਿਚ ਤਿੰਨ ਤਗ਼ਮੇ ਪੱਕੇ ਕਰ ਲਏ ਹਨ। ਨੰਦਿਨੀ (81 ਕਿੱਲੋ ਤੋਂ ਵੱਧ) ਨੇ ਮੰਗਲਵਾਰ ਨੂੰ ਕੁਆਰਟਰ ਫਾਈਨਲ ਵਿਚ ਕਜ਼ਾਖ਼ਸਤਾਨ ਦੀ ਵੈਲੇਰੀਆ ਐਕਸੇਨੋਵਾ ਨੂੰ ਹਰਾ ਕੇ ਪਹਿਲਾ ਤਗ਼ਮਾ ਪੱਕਾ ਕੀਤਾ ਸੀ। ਉੱਧਰ, ਸੁਮਿਤ ਕੁੰਡੂ (75 ਕਿੱਲੋ) ਅਤੇ ਅਨਾਮਿਕਾ (50 ਕਿੱਲੋ) ਨੂੰ ਸ਼ੁਰੂਆਤੀ ਮੁਕਾਬਲਿਆਂ ’ਚ ਹਾਰ ਮਿਲੀ। -ਪੀਟੀਆਈ