ਬਰਮਿੰਘਮ, 1 ਅਗਸਤ
ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ ਰਾਸ਼ਟਰਮੰਡਲ ਖੇਡਾਂ ’ਚ ਅੱਜ ਇੱਥੇ ਪੁਰਸ਼ਾਂ ਦੇ ਫਲਾਈਵੇਟ (51 ਕਿਲੋ) ਵਰਗ ’ਚ ਆਪਣੀ ਮੁਹਿੰਮ ਦੀ ਸ਼ੁਰੂਆਤ ਅਸਾਨ ਜਿੱਤ ਨਾਲ ਕਰਦਿਆਂ ਕੁਆਰਟਰ ਫਾਈਨਲ ’ਚ ਥਾਂ ਪੱਕੀ ਕੀਤੀ। ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜੇਤੂ ਪੰਘਾਲ ਨੇ ਵਾਨੂਅਤੂ ਦੇ ਨਾਮਰੀ ਬੈਰੀ ਨੂੰ ਸਰਬ ਸਹਿਮਤੀ ਨਾਲ ਲਏ ਗਏ ਫ਼ੈਸਲੇ ਨਾਲ ਹਰਾਇਆ। ਫੈਦਰਵੇਟ (54-57 ਕਿਲੋ) ਮੁੱਕੇਬਾਜ਼ ਹੁਸਾਮੂਦੀਨ ਮੁਹੰਮਦ ਨੇ ਵੀ ਲਗਾਤਾਰ ਦੂਜੀ ਜਿੱਤ ਦਰਜ ਕਰਕੇ ਕੁਆਰਟਰ ਫਾਈਨਲ ’ਚ ਥਾਂ ਬਣਾਈ। ਉਸ ਨੇ ਆਖਰੀ 16 ਮੁਕਾਬਲੇ ’ਚ ਬੰਗਲਾਦੇਸ਼ ਦੇ ਮੁਹੰਮਦ ਸਲੀਮ ਹੁਸੈਨ ’ਤੇ 5-0 ਨਾਲ ਜਿੱਤ ਦਰਜ ਕੀਤੀ। ਟੋਕੀਓ ਓਲੰਪਿਕਸ ’ਚ ਨਿਰਾਸ਼ਾ ਭਰੇ ਪ੍ਰਦਰਸ਼ਨ ਤੋਂ ਬਾਅਦ ਆਪਣਾ ਪਹਿਲਾ ਟੂਰਨਾਮੈਂਟ ਖੇਡ ਰਹੇ ਪੰਘਾਲ ਨੇ ਮੁਕਾਬਲੇ ਦੇ ਤਿੰਨ ਦੌਰ ’ਚ ਆਪਣਾ ਦਬਦਬਾ ਬਣਾਈ ਰੱਖਿਆ। ਪੰਘਾਲ ਆਪਣੇ ਦੂਜੇ ਰਾਸ਼ਟਰਮੰਡਲ ਖੇਡ ਤਗ਼ਮੇ ਤੋਂ ਇੱਕ ਜਿੱਤ ਦੂਰ ਹੈ। ਉਸ ਨੇ ਪਿਛਲੇ ਸੈਸ਼ਨ (2018 ’ਚ ਗੋਲਡ ਕੋਸਟ) ’ਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਕੁਆਰਟਰ ਫਾਈਨਲ ’ਚ ਉਸ ਦੇ ਸਾਹਮਣੇ ਸਕਾਟਲੈਂਡ ਦੇ 20 ਸਾਲਾ ਲੈਨਨ ਮੁਲਿਗਨ ਦੀ ਚੁਣੌਤੀ ਹੋਵੇਗੀ। ਪੰਘਾਲ ਨੇ ਆਪਣੀ ਜਿੱਤ ਮਗਰੋਂ ਕਿਹਾ, ‘ਇਹ ਇੱਕ ਚੰਗੇ ਅਭਿਆਸ ਦੀ ਤਰ੍ਹਾਂ ਸੀ ਪਰ ਅਸਾਨ ਸੀ। ਮੇਰਾ ਵਿਰੋਧੀ ਚੰਗਾ ਸੀ ਪਰ ਉਸ ਖ਼ਿਲਾਫ਼ ਮੈਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਈ।’ -ਪੀਟੀਆਈ