ਬੰਗਲੂਰੂ, 15 ਮਈ
ਕੀਨੀਆ ਦੇ ਨਿਕੋਲਸ ਕਿਪਕੋਰਿਰ ਕਿਮੇਲੀ ਤੇ ਇਰੀਨ ਚੇਪਟਾਈ ਨੇ ਅੱਜ ਇਥੇ ਟੀਸੀਐੱਸ ਵਿਸ਼ਵ 10ਕੇ (10 ਹਜ਼ਾਰ ਕਿਲੋਮੀਟਰ) ਦੌੜ ਵਿੱਚ ਕੋਰਸ ਰਿਕਾਰਡ ਤੋੜਦੇ ਹੋਏ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗ ਦੇ ਖਿਤਾਬ ਆਪਣੇ ਨਾਮ ਕੀਤੇ। ਟੋਕੀਓ ਓਲੰਪਿਕ ਦੇ 5000 ਮੀਟਰ ਮੁਕਾਬਲੇ ਵਿੱਚ ਚੌਥੇ ਸਥਾਨ ’ਤੇ ਰਹਿਣ ਵਾਲੇ ਕਿਮੇਲੀ ਨੇ ਪੁਰਸ਼ ਵਰਗ ਵਿੱਚ 27 ਮਿੰਟ 38 ਸਕਿੰਟ ਜਦੋਂਕਿ ਚੇਪਟਾਈ ਨੇ ਵਿਸ਼ਵ ਅਥਲੈਟਿਕਸ ਇਲੀਟ ਲੇਬਲ ਰੇਸ ਦੇ ਮਹਿਲਾ ਵਰਗ ਵਿੱਚ 30 ਮਿੰਟ 35 ਸਕਿੰਟ ਦਾ ਸਮਾਂ ਕੱਢ ਦੇ ਪਹਿਲਾ ਸਥਾਨ ਹਾਸਲ ਕੀਤਾ। ਕਿਮੇਲੀ ਨੇ 6 ਸਕਿੰਟਾਂ ਨਾਲ 2014 ਵਿੱਚ ਹਮਵਤਨ ਜੈਫ਼ਰੀ ਕਾਮਵੋਰੋਰ ਵੱਲੋਂ ਬਣਾਏ ਕੋਰਸ ਰਿਕਾਰਡ ਨੂੰ ਤੋੜਿਆ। ਟਾਡੇਸੇ ਵੋਰਕੂ 27:43 ਸਕਿੰਟ ਦੇ ਸਮੇਂ ਨਾਲ ਦੂਜੇ ਤੇ ਕਬਿਿਵੋਟ ਕਾਂਡੀ 27:57 ਸਕਿੰਟਾਂ ਨਾਲ ਤੀਜੇ ਸਥਾਨ ’ਤੇ ਰਿਹਾ। ਮਹਿਲਾ ਵਰਗ ਵਿੱਚ ਚੇਪਟਾਈ ਨੇ 2018 ਵਿੱਚ ਐਗਨੇਸ ਟਿਰੋਪ ਦੇ 31 ਮਿੰਟ 19 ਸਕਿੰਟ ਦੇ ਕੋਰਸ ਰਿਕਾਰਡ ਨੂੰ ਪਿੱਛੇ ਧੱਕਿਆ। ਓਬਿਰੀ 30:44 ਸਕਿੰਟ ਨਾਲ ਦੂਜੇ ਤੇ ਟੇੇਲੇ 31:47 ਸਕਿੰਟ ਦਾ ਸਮਾਂ ਕੱਢ ਕੇ ਤੀਜੀ ਥਾਵੇਂ ਰਹੀ। ਕਿਮੇਲੀ ਤੇ ਚੇਪਟਾਈ ਨੂੰ ਦੌੜ ਜਿੱਤਣ ਲਈ 26-26 ਹਜ਼ਾਰ ਡਾਲਰ ਦੀ ਪੁਰਸਕਾਰ ਰਾਸ਼ੀ ਤੋਂ ਇਲਾਵਾ ਕੋਰਸ ਰਿਕਾਰਡ ਤੋੜਨ ਲਈ 8000 ਡਾਲਰ ਦਾ ਬੋਨਸ ਮਿਲੇਗਾ। ਭਾਰਤ ਵੱਲੋਂ ਮਹਿਲਾ ਵਰਗ ਵਿੱਚ ਪਾਰੁਲ ਚੌਧਰੀ ਤੇ ਪੁਰਸ਼ ਵਰਗ ਵਿੱਚ ਅਭਿਸ਼ੇਕ ਪਾਲ ਚੈਂਪੀਅਨ ਰਹੇ। -ਪੀਟੀਆਈ