ਕੋਲਕਾਤਾ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਤੋਂ ਰਵਾਨਗੀ ਦੀਆਂ ਚਰਚਾਵਾਂ ਦੌਰਾਨ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਅੱਜ ਕਿਹਾ ਕਿ ਉਹ ਹਮੇਸ਼ਾ ਪ੍ਰਸ਼ਾਸਕ ਨਹੀਂ ਬਣੇ ਰਹਿ ਸਕਦੇ। ਬੋਰਡ ਦੇ ਆਗਾਮੀ ਸਾਲਾਨਾ ਆਮ ਇਜਲਾਸ ਵਿੱਚ ਗਾਂਗੁਲੀ ਦੀ ਥਾਂ ’ਤੇ 1983 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰੋਜਰ ਬਿਨੀ ਦਾ ਪ੍ਰਧਾਨ ਬਣਨਾ ਤੈਅ ਹੈ। ਗਾਂਗੁਲੀ ਨੇ ਇੱਥੇ ਬੰਧਨ ਬੈਂਕ ਦੇ ਇਕ ਪ੍ਰੋਗਰਾਮ ਮੌਕੇ ਗੱਲਬਾਤ ਦੌਰਾਨ ਕਿਹਾ, ‘‘ਤੁਸੀਂ ਹਮੇਸ਼ਾ ਨਹੀਂ ਖੇਡ ਸਕਦੇ। ਹਮੇਸ਼ਾ ਪ੍ਰਸ਼ਾਸਕ ਵੀ ਨਹੀਂ ਬਣੇ ਰਹਿ ਸਕਦੇ ਪਰ ਦੋਹਾਂ ਕੰਮਾਂ ਵਿੱਚ ਮਜ਼ਾ ਆਇਆ। ਸਿੱਕੇ ਦੇ ਦੋਵੇਂ ਪਹਿਲੂ ਦੇਖਣਾ ਮਜ਼ੇਦਾਰ ਰਿਹਾ। ਅੱਗੇ ਕੁਝ ਹੋਰ ਵੱਡਾ ਕਰਾਂਗਾ।’’ ਉਨ੍ਹਾਂ ਕਿਹਾ, ‘‘ਮੈਂ ਕ੍ਰਿਕਟਰਾਂ ਦਾ ਪ੍ਰਸ਼ਾਸਕ ਸੀ। ਐਨੀ ਵੱਡੀ ਪੱਧਰ ’ਤੇ ਕ੍ਰਿਕਟ ਹੋ ਰਿਹਾ ਹੈ ਕਿ ਫੈਸਲੇ ਲੈਣੇ ਪੈਂਦੇ ਹਨ। ਚੁਫੇਰੇ ਐਨਾ ਪੈਸਾ ਹੈ। ਮਹਿਲਾ ਕ੍ਰਿਕਟ ਹੈ, ਘਰੇਲੂ ਕ੍ਰਿਕਟ ਹੈ। ਕਈ ਵਾਰ ਤੁਹਾਨੂੰ ਆਪਣੇ ਤੌਰ ’ਤੇ ਫੈਸਲੇ ਲੈਣੇ ਪੈਂਦੇ ਹਨ।’’ -ਪੀਟੀਆਈ