ਕੇਪਟਾਊਨ, 4 ਜਨਵਰੀ
ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਟੈਸਟ ਇਤਿਹਾਸ ਦੇ ਸਭ ਤੋਂ ਛੋਟੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਦਿੱਤੀ।
ਜਸਪ੍ਰੀਤ ਬੁਮਰਾਹ ਨੇ ਅੱਜ ਇੱਥੇ ਦੂਜੇ ਤੇ ਆਖਰੀ ਟੈਸਟ ਮੈਚ ਦੇ ਦੂਜੇ ਦਿਨ ਦੀ ਸਵੇਰ ਅਜਿਹੀ ਖਤਰਨਾਕ ਗੇਂਦਬਾਜ਼ੀ ਕੀਤੀ ਕਿ ਦੱਖਣੀ ਅਫਰੀਕਾ ਦਾ ਮੱਧਕ੍ਰਮ ਢਹਿ-ਢੇਰੀ ਹੋ ਗਿਆ ਅਤੇ ਐਡਨ ਮਾਰਕਰਾਮ (103 ਗੇਂਦਾਂ ’ਚ 106 ਦੌੜਾਂ) ਦੇ ਸ਼ਾਨਦਾਰ ਸੈਂਕੜੇ ਦੇ ਬਾਵਜੂਦ ਟੀਮ ਦੁਪਹਿਰ ਦੇ ਖਾਣੇ ਤੋਂ ਠੀਕ ਪਹਿਲਾਂ ਦੂਜੀ ਪਾਰੀ ’ਚ 36.5 ਓਵਰਾਂ ’ਚ 176 ਦੌੜਾਂ ਬਣਾ ਕੇ ਆਊਟ ਹੋ ਗਈ ਜਿਸ ਨਾਲ ਭਾਰਤ ਨੂੰ ਜਿੱਤ ਲਈ 79 ਦੌੜਾਂ ਦਾ ਟੀਚਾ ਮਿਲਿਆ। ਜਸਪ੍ਰੀਤ ਬੁਮਰਾਹ ਨੇ 13.3 ਓਵਰ ਸੁੱਟ ਕੇ ਛੇ ਵਿਕਟਾਂ ਹਾਸਲ ਕੀਤੀਆਂ।
ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੇ ਨੌਜਵਾਨ ਬੱਲੇਬਾਜ਼ ਯਸ਼ਸਵੀ ਜਾਇਸਵਾਲ (28 ਦੌੜਾਂ) ਨੇ ਹਾਲਾਂਕਿ ਆਪਣੀ ਵਿਕਟ ਗੁਆ ਲਈ ਪਰ ਕਪਤਾਨ ਰੋਹਿਤ ਸ਼ਰਮਾ (ਨਾਬਾਦ 17) ਅਤੇ ਸ਼੍ਰੇਅਸ ਅਈਅਰ (ਨਾਬਾਦ 4 ਦੌੜਾਂ) ਨੇ 12 ਓਵਰਾਂ ਅੰਦਰ ਤਿੰਨ ਵਿਕਟਾਂ ਦੇ ਨੁਕਸਾਨ ’ਤੇ 80 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ।
ਭਾਰਤ ਦੀ ਇਸ ਜਿੱਤ ਨੂੰ ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ ਦੇ ਪ੍ਰਦਰਸ਼ਨ ਲਈ ਯਾਦ ਰੱਖਿਆ ਜਾਵੇਗਾ। ਸਿਰਾਜ ਨੇ ਆਪਣੇ ਕਰੀਅਰ ਦੇ ਸਰਵੋਤਮ ਛੇ ਵਿਕਟਾਂ ਦੇ ਪ੍ਰਦਰਸ਼ਨ ਨਾਲ ਦੱਖਣੀ ਅਫਰੀਕਾ ਨੂੰ ਪਹਿਲੀ ਪਾਰੀ ’ਚ 55 ਦੌੜਾਂ ’ਤੇ ਸਮੇਟਣ ’ਚ ਅਹਿਮ ਭੂਮਿਕਾ ਨਿਭਾਈ ਸੀ।
ਰੋਹਿਤ ਸ਼ਰਮਾ ਲੜੀ ਬਰਾਬਰ ਹੋਣ ਨਾਲ ਮਹਿੰਦਰ ਸਿੰਘ ਧੋਨੀ (2010-11) ਤੋਂ ਬਾਅਦ ਦੱਖਣੀ ਅਫਰੀਕਾ ’ਚ ਲੜੀ ਡਰਾਅ ਕਰਵਾਉਣ ਵਾਲਾ ਦੂਜਾ ਕਪਤਾਨ ਬਣ ਗਿਆ ਹੈ। ਪਰ ਭਾਰਤ ਨੇ ਅਜੇ ਤੱਕ ਦੱਖਣੀ ਅਫਰੀਕਾ ’ਚ ਕਦੀ ਕੋਈ ਟੈਸਟ ਲੜੀ ਨਹੀਂ ਜਿੱਤੀ ਹੈ।
ਓਵਰਾਂ ਦੇ ਮਾਮਲੇ ’ਚ ਇਹ ਹੁਣ ਤੱਕ ਦਾ ਸਭ ਤੋਂ ਛੋਟਾ ਟੈਸਟ ਮੈਚ ਰਿਹਾ ਜਿਸ ’ਚ ਕੁੱਲ 106.2 ਓਵਰ ਸੁੱਟੇ ਗਏ।
ਇਸ ਤੋਂ ਪਹਿਲਾਂ 1932 ਵਿੱਚ ਆਸਟਰੇਲੀਆ ਤੇ ਦੱਖਣੀ ਅਫਰੀਕਾ ਵਿਚਾਲੇ ਐੱਮਸੀਜੀ ’ਚ ਖੇਡੇ ਗਏ ਟੈਸਟ ਮੈਚ ’ਚ 109.2 ਓਵਰ ਸੁੱਟੇ ਗਏ ਸਨ। ਇਹ ਮੈਚ ਆਸਟਰੇਲੀਆ ਨੇ ਜਿੱਤਿਆ ਸੀ। -ਪੀਟੀਆਈ