ਢਾਕਾ: ਪਿਛਲੇ ਚੈਂਪੀਅਨ ਤੇ ਉਲੰਪਿਕ ਵਿਚ ਕਾਂਸੀ ਦਾ ਤਗਮਾ ਜੇਤੂ ਭਾਰਤ ਨੂੰ ਏਸ਼ਿਆਈ ਚੈਂਪੀਅਨਜ਼ ਟਰਾਫੀ ਪੁਰਸ਼ ਹਾਕੀ ਟੂਰਨਾਮੈਂਟ ਦੇ ਦੂਜੇ ਸੈਮੀਫਾਈਨਲ ’ਚ ਇੱਥੇ ਅੱਜ ਜਪਾਨ ਦੇ ਖ਼ਿਲਾਫ਼ 3-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜਪਾਨ ਖਿਤਾਬੀ ਮੁਕਾਬਲੇ ਵਿਚ ਦੱਖਣੀ ਕੋਰੀਆ ਨਾਲ ਭਿੜੇਗਾ ਜਦਕਿ ਭਲਕੇ ਕਾਂਸੀ ਦੇ ਤਗਮੇ ਲਈ ਭਾਰਤ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਨੂੰ ਤਕੜਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਜਿਸ ਨੇ ਆਪਣੇ ਅੰਤਿਮ ਰਾਊਂਡ ਰੋਬਿਨ ਮੈਚ ਵਿਚ ਇਸੇ ਟੀਮ ਨੂੰ 6-0 ਨਾਲ ਹਰਾਇਆ ਸੀ। ਭਾਰਤ ਦਾ ਜਪਾਨ ਖ਼ਿਲਾਫ਼ ਜਿੱਤ-ਹਾਰ ਦਾ ਰਿਕਾਰਡ ਵੀ ਚੰਗਾ ਹੈ ਪਰ ਵਿਰੋਧੀ ਟੀਮ ਨੇ ਸੈਮੀਫਾਈਨਲ ਵਿਚ ਸਾਬਕਾ ਚੈਂਪੀਅਨ ਟੀਮ ਨੂੰ ਹੈਰਾਨ ਕਰ ਦਿੱਤਾ। ਜਪਾਨ ਨੂੰ ਸ਼ੋਤਾ ਯਮਾਦਾ ਨੇ ਪਹਿਲੇ ਹੀ ਮਿੰਟ ਵਿਚ ਪੈਨਲਟੀ ’ਤੇ ਗੋਲ ਦਾਗ਼ ਕੇ ਲੀਡ ਦਿਵਾਈ। ਇਸ ਤੋਂ ਬਾਅਦ ਜਪਾਨੀ ਖਿਡਾਰੀਆਂ ਨੇ ਦੂਜੇ, 14ਵੇਂ, 35ਵੇਂ, 41ਵੇਂ ਮਿੰਟ ਵਿਚ ਗੋਲ ਦਾਗੇ। ਭਾਰਤ ਵੱਲੋਂ ਦਿਲਪ੍ਰੀਤ ਸਿੰਘ (17ਵੇਂ ਮਿੰਟ), ਉਪ ਕਪਤਾਨ ਹਰਮਨਪ੍ਰੀਤ ਸਿੰਘ (43ਵੇਂ ਮਿੰਟ) ਤੇ ਹਾਰਦਿਕ ਸਿੰਘ (58ਵੇਂ ਮਿੰਟ) ਨੇ ਗੋਲ ਕੀਤੇ। -ਪੀਟੀਆਈ