ਚੇਨੱਈ, 12 ਅਗਸਤ
ਏਸ਼ਿਆਈ ਚੈਂਪੀਅਨਜ਼ ਟਰਾਫੀ (ਏਸੀਟੀ) ਹਾਕੀ ਟੂਰਨਾਮੈਂਟ ’ਚ ਤੀਜੇ ਸਥਾਨ ਲਈ ਅੱਜ ਇੱਥੇ ਖੇਡੇ ਗਏ ਮੈਚ ਵਿੱਚ ਜਪਾਨ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਉਂਦਿਆਂ ਸਾਬਕਾ ਚੈਂਪੀਅਨ ਦੱਖਣੀ ਕੋਰੀਆ ਨੂੰ 5-3 ਨਾਲ ਹਰਾ ਦਿੱਤਾ ਹੈ। ਜਪਾਨ ਵੱਲੋਂ ਸੇਯੋਮਾ ਓਕਾ (ਤੀਜੇ ਮਿੰਟ), ਰਿਓਸੀ ਕਾਟੋ (ਨੌਵੇਂ ਮਿੰਟ), ਕੈਂਟਾਰੋ ਫੁਕੁਦਾ (28ਵੇਂ ਮਿੰਟ), ਸ਼ੋਤਾ ਯਾਮਾਦਾ (53ਵੇਂ ਮਿੰਟ) ਅਤੇ ਕੇਨ ਨਾਗਾਯੋਸ਼ੀ (58ਵੇਂ ਮਿੰਟ) ਨੇ ਗੋਲ ਦਾਗੇ ਜਦਕਿ ਕੋਰੀਆ ਲਈ ਜੌਂਗਹੁਆਨ ਜਾਂਗ (15ਵੇਂ ਤੇ 33ਵੇਂ ਮਿੰਟ) ਅਤੇ ਚਿਓਲੀਅਨ ਪਾਰਕ (26ਵੇਂ ਮਿੰਟ) ਨੇ ਗੋਲ ਦਾਗੇ। ਤੀਜੇ ਸਥਾਨ ਦੇ ਪਲੇਆਫ ਮੈਚ ’ਚ ਜਪਾਨ ਨੇ ਸ਼ੁਰੂ ਤੋਂ ਹੀ ਹਮਲਾਵਰ ਰਵੱਈਆ ਅਪਣਾਇਆ ਅਤੇ ਪਹਿਲੇ ਨੌਂ ਮਿੰਟਾਂ ਅੰਦਰ ਦੋ ਗੋਲ ਦਾਗ ਕੇ ਆਪਣਾ ਦਬਦਬਾ ਬਣਾ ਲਿਆ। ਉਸ ਨੇ ਪਹਿਲੇ ਚਾਰ ਗੋਲ ਮੈਦਾਨੀ ਕੀਤੇ ਜਦਕਿ ਨਾਗਯੋਸ਼ੀ ਨੇ ਆਖਰੀ ਮਿੰਟਾਂ ’ਚ ਪੈਨਲਟੀ ਕਾਰਨਰ ਨੂੰ ਗੋਲ ’ਚ ਤਬਦੀਲ ਕੀਤਾ। ਦੱਖਣੀ ਕੋਰੀਆ ਨੇ ਹਾਲਾਂਕਿ ਜੌਂਗਹੁਆਨ ਜਾਂਗ ਵੱਲੋਂ ਪੈਨਲਟੀ ਕਾਰਨਰ ’ਤੇ ਕੀਤੇ ਗਏ ਦੋ ਗੋਲਾਂ ਦੀ ਮਦਦ ਨਾਲ ਚੰਗੀ ਵਾਪਸੀ ਕੀਤੀ। ਜਪਾਨ ਅੱਧੇ ਸਮੇਂ ਦੀ ਖੇਡ ਹੋਣ ਤੱਕ 3-2 ਨਾਲ ਅੱਗੇ ਸੀ ਪਰ ਜੌਂਗਹੁਆਨ ਜਾਂਗ ਨੇ 33ਵੇਂ ਮਿੰਟ ’ਚ ਪੈਨਲਟੀ ਕਾਰਨਰ ਨੂੰ ਗੋਲ ’ਚ ਤਬਦੀਲ ਕਰਕੇ ਸਕੋਰ 3-3 ਨਾਲ ਬਰਾਬਰ ਕਰ ਦਿੱਤਾ। ਅਗਲੇ 20 ਮਿੰਟ ਤੱਕ ਸਕੋਰ ਬਰਾਬਰ ਰਿਹਾ ਪਰ ਜਪਾਨ ਨੇ ਇਸ ਤੋਂ ਪੰਜ ਮਿੰਟ ਦੇ ਅੰਦਰ ਦੋ ਗੋਲ ਕਰਕੇ ਆਪਣਾ ਤੀਜਾ ਸਥਾਨ ਯਕੀਨੀ ਬਣਾ ਲਿਆ। -ਪੀਟੀਆਈ