ਸ਼ਿਵਮੋਗਾ, 15 ਜਨਵਰੀ
ਕਰਨਾਟਕ ਦੇ ਪ੍ਰਖਰ ਚਤੁਰਵੇਦੀ ਨੇ ਅੱਜ ਇੱਥੇ ਮੁੰਬਈ ਖ਼ਿਲਾਫ਼ 636 ਗੇਂਦਾਂ ਵਿੱਚ ਨਾਬਾਦ 404 ਦੌੜਾਂ ਦੀ ਪਾਰੀ ਖੇਡ ਕੇ ਯੁਵਰਾਜ ਸਿੰਘ ਦਾ ਅੰਡਰ-19 ਕੂਚ ਬੇਹਾਰ ਟਰਾਫੀ ਫਾਈਨਲ ਵਿੱਚ ਸਰਵੋਤਮ ਸਕੋਰ ਦਾ 25 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਭਾਰਤ ਦੇ ਸਾਬਕਾ ਸਟਾਰ ਬੱਲੇਬਾਜ਼ ਯੁਵਰਾਜ ਨੇ 1999 ਵਿੱਚ ਬਿਹਾਰ ਖ਼ਿਲਾਫ਼ ਫਾਈਨਲ ਵਿੱਚ ਪੰਜਾਬ ਲਈ 358 ਦੌੜਾਂ ਦੀ ਪਾਰੀ ਖੇਡੀ ਸੀ। ਭਾਰਤ ਦੇ ਇਸ ਸਿਖਰਲੇ ਅੰਡਰ-19 ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਦਾ ਰਿਕਾਰਡ ਵਿਜੈ ਜ਼ੋਲ ਦੇ ਨਾਂ ਹੈ, ਜਿਸ ਨੇ 2011-12 ਵਿੱਚ ਅਸਾਮ ਖ਼ਿਲਾਫ਼ ਮਹਾਰਾਸ਼ਟਰ ਲਈ ਨਾਬਾਦ 451 ਦੌੜਾਂ ਦੀ ਪਾਰੀ ਖੇਡੀ ਸੀ। ਪ੍ਰਖਰ ਚਤੁਰਵੇਦੀ ਨੇ ਆਪਣੀ ਪਾਰੀ ਵਿੱਚ 46 ਚੌਕੇ ਅਤੇ ਤਿੰਨ ਛੱਕੇ ਜੜੇ। ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਐਕਸ ’ਤੇ ਲਿਖਿਆ, ‘‘ਮੁੰਬਈ ਖ਼ਿਲਾਫ਼ ਨਾਬਾਦ 404 ਦੌੜਾਂ ਦੀ ਪਾਰੀ ਖੇਡ ਕੇ ਕਰਨਾਟਕ ਦੇ ਪ੍ਰਖਰ ਚਤੁਰਵੇਦੀ ਕੂਚ ਬੇਹਾਰ ਦੇ ਫਾਈਨਲ ਵਿੱਚ 400 ਦੌੜਾਂ ਬਣਾਉਣ ਵਾਲਾ ਪਹਿਲਾ ਖਿਡਾਰੀ ਬਣਿਆ।’’ ਪ੍ਰਖਰ ਦੀ ਮੈਰਾਥਨ ਪਾਰੀ ਨਾਲ ਕਰਨਾਟਕ ਨੇ ਮੁੰਬਈ ਦੇ 380 ਦੌੜਾਂ ਦੇ ਜਵਾਬ ਵਿੱਚ ਅੱਠ ਵਿਕਟਾਂ ’ਤੇ 890 ਦੌੜਾਂ ਬਣਾ ਕੇ ਪਹਿਲੀ ਪਾਰੀ ਦੇ ਆਧਾਰ ’ਤੇ ਲੀਡ ਹਾਸਲ ਕੀਤੀ। ਇਹ ਮੈਚ ਡਰਾਅ ਰਿਹਾ। -ਪੀਟੀਆਈ