ਨਵੀਂ ਦਿੱਲੀ, 18 ਜੂਨ
ਭਾਰਤੀ ਗਰੈਂਡਮਾਸਟਰ ਅਰਜੁਨ ਏਰੀਗੈਸੀ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੱਕ ਗੇੜ ਪਹਿਲਾਂ ਹੀ ਸਟੀਫਨ ਅਵਗਿਆਨ ਮੈਮੋਰੀਅਲ 2024 ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਦੇ ਸਭ ਤੋਂ ਵੱਧ ਰੇਟਿੰਗ ਵਾਲੇ 20 ਸਾਲਾ ਖਿਡਾਰੀ ਨੇ ਅੱਠਵੇਂ ਗੇੜ ਵਿੱਚ ਰੂਸ ਦੇ ਗਰੈਂਡਮਾਸਟਰ ਵੋਲੋਦਾਰ ਮੁਰਜ਼ਿਨ ਨੂੰ 63 ਚਾਲਾਂ ਵਿੱਚ ਹਰਾਇਆ। ਚਾਰ ਜਿੱਤਾਂ ਅਤੇ ਇੰਨੇ ਹੀ ਡਰਾਅ ਖੇਡਣ ਤੋਂ ਬਾਅਦ ਉਸ ਦੇ ਛੇ ਅੰਕ ਹੋ ਗਏ ਹਨ। ਏਰੀਗੈਸੀ ਨੇ ਦੂਜੇ ਸਥਾਨ ’ਤੇ ਕਾਬਜ਼ ਤਿੰਨ ਖਿਡਾਰੀਆਂ ’ਤੇ 1.5 ਅੰਕਾਂ ਦੀ ਜੇਤੂ ਲੀਡ ਹਾਸਲ ਕਰ ਲਈ ਹੈ। ਇਸ ਟੂਰਨਾਮੈਂਟ ਵਿੱਚ ਕੁੱਲ 10 ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਜਿੱਤ ਨਾਲ ਅਰਜੁਨ ਲਾਈਵ ਰੇਟਿੰਗ ਵਿੱਚ ਆਪਣੇ ਕਰੀਅਰ ਦੇ ਸਰਬੋਤਮ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਟੂਰਨਾਮੈਂਟ ਵਿੱਚ ਉਹ ਹੁਣ ਤੱਕ ਨੌਂ ਰੇਟਿੰਗ ਅੰਕ ਹਾਸਲ ਕਰ ਚੁੱਕਾ ਹੈ। ਇਸ ਤਰ੍ਹਾਂ ਉਸ ਦੇ ਕੁੱਲ 2779.9 ਅੰਕ ਹੋ ਗਏ ਹਨ। ਨਾਰਵੇ ਦਾ ਮੈਗਨਸ ਕਾਰਲਸਨ ਅਤੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਤੇ ਫੈਬੀਆਨੋ ਕਰੂਆਨਾ ਉਸ ਤੋਂ ਅੱਗੇ ਹਨ। -ਪੀਟੀਆਈ