ਬੁਡਾਪੈਸਟ: ਡੀ. ਹਰਿਕਾ ਅਤੇ ਆਰ. ਵੈਸ਼ਾਲੀ ਦੀ ਅਗਵਾਈ ਵਾਲੀ ਸਿਖਰਲਾ ਦਰਜਾ ਪ੍ਰਾਪਤ ਭਾਰਤੀ ਮਹਿਲਾ ਟੀਮ ਭਲਕ ਤੋਂ ਇੱਥੇ ਸ਼ੁਰੂ ਹੋ ਰਹੇ 45ਵੇਂ ਸ਼ਤਰੰਜ ਓਲੰਪੀਆਡ ’ਚ ਤਗ਼ਮਾ ਜਿੱਤਣ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਹੈ, ਜਦਕਿ ਡੀ. ਗੁਕੇਸ਼ ਦੀ ਅਗਵਾਈ ਹੇਠ ਓਪਨ ਵਰਗ ਵਿੱਚ ਵੀ ਭਾਰਤੀ ਟੀਮ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਕੋਨੇਰੂ ਹੰਪੀ ਇਸ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਰਹੀ। ਹੰਪੀ ਦੀ ਗੈਰਮੌਜੂਦਗੀ ’ਚ ਗਰੈਂਡਮਾਸਟਰ ਹਰਿਕਾ ਸਿਖਰਲੇ ਬੋਰਡ ’ਤੇ ਮੁਕਾਬਲਾ ਕਰੇਗੀ। ਉਸ ਮਗਰੋਂ ਵੈਸ਼ਾਲੀ, ਦਿਵਿਆ ਦੇਸ਼ਮੁਖ ਤੇ ਵੰਤਿਕਾ ਅਗਰਵਾਲ ਆਪਣੀ ਚੁਣੌਤੀ ਪੇਸ਼ ਕਰਨਗੀਆਂ। ਓਪਨ ਵਰਗ ਵਿੱਚ ਅਮਰੀਕਾ ਮਜ਼ਬੂਤ ਦਾਅਵੇਦਾਰ ਵਜੋਂ ਸ਼ੁਰੂਆਤ ਕਰੇਗਾ। ਭਾਰਤੀ ਟੀਮ ਵਿੱਚ ਵਿਦਿਤ ਗੁਜਰਾਤੀ, ਆਰ. ਪ੍ਰਗਨਾਨੰਦਾ, ਡੀ. ਗੁਕੇਸ਼, ਅਰਜੁਨ ਏਰੀਗੈਸੀ ਅਤੇ ਪੀ. ਹਰੀਕ੍ਰਿਸ਼ਨ ਸ਼ਾਮਲ ਹਨ। ਭਾਰਤ ਨੇ ਪਿਛਲੀ ਵਾਰ ਕਾਂਸੇ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ