ਪੱਤਰ ਪ੍ਰੇਰਕ
ਪੰਚਕੂਲਾ, 9 ਜੂਨ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅੱਜ ਤਾਊ ਦੇਵੀ ਲਾਲ ਸਟੇਡੀਅਮ ਪਹੁੰਚੇ ਅਤੇ ਇੱਥੇ ਚੱਲ ਰਹੀਆਂ ਖੇਲੋ ਇੰਡੀਆ ਗੇਮਜ਼ ਵਿੱਚ ਸ਼ਾਮਲ ਹੋ ਕੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਮੁੱਖ ਮੰਤਰੀ ਨੇ ਇੱਥੇ ਅਥਲੈਟਿਕ, ਹੈਂਡਬਾਲ ਦੀਆਂ ਖੇਡਾਂ ਵੇਖੀਆਂ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਇਸ ਮੌਕੇ ਹਰਿਆਣਾ ਦੇ ਚੋਣ ਅਬਜ਼ਰਵਰ ਵੇਜਿੰਦਰ ਸਿੰਘ ਸ਼ੇਖਾਵਤ ਅਤੇ ਹਰਿਆਣਾ ਦੇ ਖੇਡ ਰਾਜ ਮੰਤਰੀ ਸੰਦੀਪ ਸਿੰਘ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰ ਕੇ ਹਰਿਆਣਾ ਦੇ ਲੋਕ ਇੰਨੇ ਖੁਸ਼ ਹਨ, ਕਿ ਉਹ ਇਸ ਖੁਸ਼ੀ ਨੂੰ ਭਾਵਨਾਵਾਂ ਵਿੱਚ ਪ੍ਰਗਟਾ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਦੇਸ਼ ਭਰ ਤੋਂ ਆਏ ਖਿਡਾਰੀ ਆਪਣੇ ਸਭਿਆਚਾਰ ਦਾ ਆਦਾਨ ਪ੍ਰਦਾਨ ਕਰ ਰਹੇ ਹਨ। ਖੇਡਾਂ ਦੀ ਪਹਿਲੀ ਪੌੜੀ ਹਰਿਆਣਾ ਤੋਂ ਸ਼ੁਰੂ ਹੁੰਦੀ ਹੈ। ਮੁੱਖ ਮੰਤਰੀ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।