ਨਵੀਂ ਦਿੱਲੀ, 24 ਮਾਰਚ
ਨਿਸ਼ਾਨੇਬਾਜ਼ ਚਿੰਕੀ ਯਾਦਵ ਅਤੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਅੱਜ ਇੱਥੇ ਆਈਐਸਐਸਐਫ ਵਿਸ਼ਵ ਕੱਪ ਦੇ ਕ੍ਰਮਵਾਰ ਮਹਿਲਾ ਅਤੇ ਪੁਰਸ਼ ਵਰਗ ਦੇ ਮੁਕਾਬਲੇ ਵਿੱਚ ਸੋਨ ਤਗ਼ਮੇ ਜਿੱਤੇ। ਚਿੰਕੀ ਯਾਦਵ ਨੇ ਮਹਿਲਾ 25 ਮੀਟਰ ਪਿਸਟਲ ਮੁਕਾਬਲੇ ਵਿੱਚ ਸਰਨੋਬਤ ਅਤੇ ਮਨੂ ਭਾਕਰ ਨੂੰ ਪਛਾੜਦਿਆਂ ਸੋਨ ਤਗ਼ਮਾ ਹਾਸਲ ਕੀਤਾ। ਇਸ ਮੁਕਾਬਲੇ ਦੇ ਤਿੰਨੇ ਤਗ਼ਮੇ ਭਾਰਤ ਦੇ ਨਾਂ ਰਹੇ। ਉਧਰ ਪ੍ਰਤਾਪ ਸਿੰਘ ਤੋਮਰ ਨੇ ਪੁਰਸ਼ਾਂ ਦੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਮੁਕਾਬਲੇ ਵਿੱਚ ਸੋਨ ਤਗ਼ਮਾ ਆਪਣੇ ਨਾਂ ਕੀਤਾ। ਭੋਪਾਲ ਦੇ 20 ਸਾਲਾ ਐਸ਼ਵਰਿਆ ਨੇ ਡਾ. ਕਰਨੀ ਸਿੰਘ ਸ਼ੂਟਿੰਗ ਰੇਜ ’ਚ 462.5 ਅੰਕਾਂ ਨਾਲ ਹੰਗਰੀ ਦੇ ਇਸਤਵਾਨ ਪੇਨੀ (461.6) ਅਤੇ ਡੈਨਮਾਰਕ ਦੇ ਸਟੇਫੇਨ ਓਲਸੇਨ (450.9) ਤੋਂ ਅੱਗੇ ਰਿਹਾ। ਫਾਈਨਲ ਵਿੱਚ ਭਾਰਤ ਦੇ ਸੰਜੀਵ ਰਾਜਪੂਤ ਅਤੇ ਨੀਰਜ ਕੁਮਾਰ ਨੇ ਵੀ ਕੁਆਲੀਫਾਈ ਕੀਤਾ ਸੀ ਪਰ ਉਹ ਕ੍ਰਮਵਾਰ ਛੇਵੇਂ ਤੇ ਅੱਠਵੇਂ ਸਥਾਨ ’ਤੇ ਰਹੇ। -ਪੀਟੀਆਈ