ਬਰਮਿੰਘਮ: ਵਿਸ਼ਵ ਚੈਂਪੀਅਨ ਨਿਖਤ ਜ਼ਰੀਨ ਅਤੇ ਮੌਜੂਦਾ ਓਲੰਪਿਕ ਕਾਂਸੇ ਦਾ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ ਨੂੰ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ ਮੁੱਕੇਬਾਜ਼ੀ ਮੁਕਾਬਲੇ ਵਿੱਚ ਆਸਾਨ ਡਰਾਅ ਮਿਲਿਆ ਹੈ। ਨਿਖਤ ਮਹਿਲਾਵਾਂ ਦੇ 48-50 ਕਿਲੋਗ੍ਰਾਮ ਲਾਈਟ ਫਲਾਈਵੇਟ ਵਰਗ ਵਿੱਚ ਐਤਵਾਰ ਨੂੰ ਮੋਜ਼ੰਬੀਕ ਦੀ ਹੇਲੇਨਾ ਇਸਮਾਈਲ ਬਾਗਾਓਂ ਦਾ ਮੁਕਾਬਲਾ ਕਰੇਗੀ। ਇਹ ਮੁਕਾਬਲਾ ਜਿੱਤਣ ਮਗਰੋਂ ਹੀ ਉਹ ਕੁਆਰਟਰਫਾਈਨਲ ਵਿੱਚ ਇੱਕ ਹੋਰ ਆਸਾਨ ਵਿਰੋਧੀ ਵੇਲਸ ਦੀ ਹੇਲੇਨ ਜੋਨਸ ਖ਼ਿਲਾਫ਼ ਰਿੰਗ ਵਿੱਚ ਉੱਤਰੇਗੀ। ਲਵਲੀਨਾ ਲਾਈਟ ਮਿਡਲ ਵੇਟ (60-70 ਕਿਲੋਗ੍ਰਾਮ) ਵਰਗ ਵਿੱਚ ਸ਼ਨਿਚਰਵਾਰ ਨੂੰ ਨਿਊਜ਼ੀਲੈਂਡ ਦੀ ਅਰਿਆਨੇ ਨਿਕੋਲਸਨ ਦਾ ਸਾਹਮਣਾ ਕਰੇਗੀ ਅਤੇ ਜਿੱਤਣ ਮਗਰੋਂ ਉਹ ਕੁਆਰਟਰਫਾਈਨਲ ਵਿੱਚ ਗੋਲਡ ਕੋਸਟ ਦੀ ਚਾਂਦੀ ਦਾ ਤਗ਼ਮਾ ਜੇਤੂੁ ਵੇਲਸ ਦੀ ਰੋਜ਼ੀ ਅਸੇਲਸ ਨਾਲ ਮੁਕਾਬਲਾ ਕਰੇਗੀ। ਲਾਈਟਵੇਟ (57-60 ਕਿਲੋਗ੍ਰਾਮ) ਵਰਗ ਵਿੱਚ ਜੈਸਮੀਨ ਨੂੰ ਪਹਿਲੇ ਦੌਰ ਵਿੱਚ ਬਾਈ ਮਿਲੀ ਹੈ, ਜਿਸ ਨਾਲ ਉਹ ਸਿੱਧਾ ਕੁਆਟਰਫਾਈਨਲ ਵਿੱਚ ਹੀ ਰਿੰਗ ’ਚ ਉੱਤਰੇਗੀ। ਮਹਿਲਾਵਾਂ ਦੇ ਘੱਟੋ-ਘੱਟ 45-48 ਕਿਲੋ ਭਾਰ ਵਰਗ ਵਿੱਚ ਨੀਤੂ ਨੂੰ ਤਗ਼ਮਾ ਪੱਕਾ ਕਰਨ ਲਈ ਸਿਰਫ਼ ਇੱਕ ਜਿੱਤ ਦਰਜ ਕਰਨ ਦੀ ਲੋੜ ਹੈ। ਉਹ ਤਿੰਨ ਅਗਸਤ ਨੂੰ ਕੁਆਰਟਰਫਾਈਨਲ ਵਿੱਚ ਉੱਤਰੀ ਆਇਰਲੈਂਡ ਦੀ ਨਿਕੋਲ ਕਲਾਇਫ ਦਾ ਸਾਹਮਣਾ ਕਰੇਗੀ। -ਪੀਟੀਆਈ