ਨਵੀਂ ਦਿੱਲੀ: ਵਿਸ਼ਵ ਚੈਂਪੀਅਨ ਨਿਖਿਤ ਜ਼ਰੀਨ ਤੇ ਓਲੰਪਿਕ ਵਿੱਚ ਕਾਂਸੇ ਦਾ ਤਗਮਾ ਜੇਤੂ ਲਵਲੀਨਾ ਬੋਰਗੋਹੈਨ ਨੇ ਅੱਜ ਇੱਥੇ ਟਰਾਇਲਜ਼ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਮੁੱਕੇਬਾਜ਼ੀ ਟੀਮ ’ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਨਿਖਿਤ (50 ਕਿਲੋ) ਨੇ ਹਰਿਆਣਾ ਦੀ ਮੀਨਾਕਸ਼ੀ ਨੂੰ 7-0 ਨਾਲ ਹਰਾਇਆ ਅਤੇ ਲਵਲੀਨਾ (70 ਕਿਲੋ) ਨੇ ਵੀ ਰੇਲਵੇਜ਼ ਦੀ ਪੂਜਾ ’ਤੇ ਇਸੇ ਫਰਕ ਨਾਲ ਜਿੱਤ ਹਾਸਲ ਕੀਤੀ। ਨੀਤੂ ਘੰਘਾਸ (48 ਕਿਲੋ) ਅਤੇ ਜੈਸਮੀਨ ਲੰਬੋਰੀਆ (60 ਕਿਲੋ) ਨੇ ਵੀ ਟੀਮ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਰਾਸ਼ਟਰਮੰਡਲ ਖੇਡਾਂ 28 ਜੁਲਾਈ ਤੋਂ 8 ਅਗਸਤ ਤੱਕ ਬਰਮਿੰਘਮ ਵਿੱਚ ਖੇਡੀਆਂ ਜਾਣਗੀਆਂ। -ਪੀਟੀਆਈ