ਬਰਮਿੰਘਮ, 8 ਅਗਸਤ
ਭਾਰਤੀ ਖਿਡਾਰੀਆਂ ਨੇ ਅੱਜ ਇੱਥੇ ਰਾਸ਼ਟਰਮੰਡਲ ਖੇਡਾਂ ਦੇ ਬੈਡਮਿੰਟਨ ਵਿੱਚ ਦੇਸ਼ ਦੀ ਝੋਲੀ ਤਿੰਨ ਸੋਨ ਤਗ਼ਮੇ ਪਾਏ। ਦੋ ਵਾਰ ਓਲੰਪਿਕ ਤਗ਼ਮਾ ਜੇਤੂ ਪੀ.ਵੀ. ਸਿੰਧੂ ਨੇ ਮਹਿਲਾ ਸਿੰਗਲਜ਼ ਦੇ ਫਾਈਨਲ ਵਿੱਚ ਕੈਨੇਡਾ ਦੀ ਮਿਸ਼ੇਲ ਲੀ, ਜਦੋਂਕਿ ਲਕਸ਼ੈ ਸੇਨ ਨੇ ਪੁਰਸ਼ ਸਿੰਗਲਜ਼ ਵਿੱਚ ਮਲੇਸ਼ਿਆਈ ਖਿਡਾਰੀ ਜ਼ੇ ਯੌਂਗ ਐੱਨਜੀ ਨੂੰ 19-21, 21-9 ਅਤੇ 21-16 ਨਾਲ ਹਰਾ ਕੇ ਸੋਨ ਤਗ਼ਮੇ ਆਪਣੇ ਨਾਮ ਕੀਤੇ। ਇਸੇ ਤਰ੍ਹਾਂ ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਭਾਰਤੀ ਜੋੜੀ ਨੇ ਪੁਰਸ਼ ਡਬਲਜ਼ ਵਿੱਚ ਸੋਨ ਤਗ਼ਮਾ ਜਿੱਤਿਆ।
ਦੁਨੀਆਂ ਦੀ ਸੱਤਵੇਂ ਨੰਬਰ ਦੀ ਖਿਡਾਰਨ ਪੀ.ਵੀ. ਸਿੰਧੂ ਨੇ ਦੁਨੀਆਂ ਦੀ 13ਵੇਂ ਨੰਬਰ ਦੀ ਮਿਸ਼ੇਲ ਨੂੰ 21-15, 21-13 ਨਾਲ ਹਰਾ ਕੇ 2014 ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ ਸੈਮੀਫਾਈਨਲ ਵਿੱਚ ਹਾਰ ਦਾ ਬਦਲ ਵੀ ਲਿਆ। ਸਿੰਧੂ ਨੇ 2014 ਵਿੱਚ ਕਾਂਸੀ ਤਗ਼ਮਾ ਜਿੱਤਿਆ ਸੀ ਜਦਕਿ ਮਿਸ਼ੇਲ ਸੋਨ ਤਗ਼ਮਾ ਜਿੱਤਣ ਵਿੱਚ ਸਫ਼ਲ ਰਹੀ ਸੀ।
ਮਿਸ਼ੇਲ ਖ਼ਿਲਾਫ਼ 11 ਮੈਚਾਂ ’ਚ ਸਿੰਧੂ ਦੀ ਇਹ ਨੌਵੀਂ ਜਿੱਤ ਹੈ। ਸਿੰਧੂ ਦਾ ਰਾਸ਼ਟਰਮੰਡਲ ਖੇਡਾਂ ’ਚ ਇਹ ਤੀਜਾ ਨਿੱਜੀ ਤਗ਼ਮਾ ਹੈ। ਇਸੇ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਸਮਾਪਤੀ ਸਮਾਰੋਹ ਵਿੱਚ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਤੇ ਵਿਸ਼ਵ ਚੈਂਪੀਅਨ ਮਹਿਲਾ ਮੁੱਕੇਬਾਜ਼ ਨਿਖਤ ਜ਼ਰੀਨ ਭਾਰਤੀ ਦਲ ਦੇ ਝੰਡਾ ਬਰਦਾਰ ਹੋਣਗੇ। ਭਾਰਤੀ ਦਲ ਦੇ ਮੁਖੀ ਰਾਜੇਸ਼ ਭੰਡਾਰੀ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੱਤੀ। -ਪੀਟੀਆਈ